ਨਵੀਂ ਦਿੱਲੀ: 31 ਅਕਤੂਬਰ 1984 ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਭਰ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕਤਲੇਆਮ ਨੇ ਸਿੱਖ ਪਰਿਵਾਰਾਂ ਨੂੰ ਡੂੰਘੇ ਜ਼ਖਮ ਦਿੱਤੇ ਅਤੇ ਇਹ ਜ਼ਖਮ ਅਜੇ ਵੀ ਹਰੇ ਹਨ। ਇਨ੍ਹਾਂ ਵਿਚੋਂ ਇੱਕ ਪਰਿਵਾਰ ਜੈਪੁਰ ਦਾ ਰਹਿਣ ਵਾਲਾ ਹੈ। ਜੈਪੁਰ ਦੇ ਰਹਿਣ ਵਾਲੇ ਅਵਤਾਰ ਸਿੰਘ ਦਾ ਪਰਿਵਾਰ ਵੀ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਦੁੱਖ ਝੱਲ ਰਿਹਾ ਹੈ। ਉਸ ਸਮੇਂ ਅਵਤਾਰ ਸਿੰਘ ਆਪਣੇ ਕੇਸ ਕਟਵਾ ਕੇ ਜੈਪੁਰ ਤੋਂ ਦਿੱਲੀ ਪਹੁੰਚੇ ਸਨ ਅਤੇ ਉੱਥੇ ਉਨ੍ਹਾਂ ਨੇ ਲਾਸ਼ਾਂ ਦੇ ਡੇਰ ਵਿੱਚੋਂ ਆਪਣੇ ਜੀਜੇ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਸਾਂਝਾ ਕਰਦੇ ਹੋਏ ਉਨ੍ਹਾਂ ਦੀ ਅੱਖਾਂ ਭਰ ਆਈਆਂ।
1984 ਦੇ ਦੰਗਿਆਂ ਦੇ ਦੌਰ ਨੂੰ ਯਾਦ ਕਰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਤੀਸ ਹਜ਼ਾਰੀ ਕੋਰਟ ਨੇੜੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਲਾਸ਼ਾਂ ਨੂੰ ਟਰੱਕਾਂ ਵਿੱਚ ਭੱਰਿਆ ਜਾ ਰਿਹਾ ਸੀ। ਦੰਗਿਆਂ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਉਨ੍ਹਾਂ ਦੇ ਦੱਸਿਆ ਕਿ ਆਪਣੇ ਜੀਜੇ ਹਰਜੀਤ ਦੀ ਲਾਸ਼ ਨੂੰ ਲੱਭਣ ਵਿੱਚ ਉਨ੍ਹਾਂ ਨੂੰ 4 ਤੋਂ 5 ਘੰਟੇ ਲੱਗੇ। ਉੱਥੇ ਕਈ ਲੋਕ ਲਾਸ਼ਾਂ ਦੇ ਢੇਰ ਵਿਚੋਂ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਲੱਭ ਰਹੇ ਸਨ।
ਅਵਤਾਰ ਸਿੰਘ ਨੇ ਦੱਸਿਆ ਕਿ 1 ਨਵੰਬਰ 1984 ਨੂੰ ਉਸ ਦਾ ਜੀਜਾ ਹਰਜੀਤ ਸਿੰਘ ਪਿੰਕ ਸਿਟੀ ਐਕਸਪ੍ਰੈਸ 'ਤੇ ਜੈਪੁਰ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਇਆ ਸੀ। ਉਸ ਦੌਰਾਨ ਦੰਗਾਕਾਰੀਆਂ ਨੇ ਭਿਵਾੜੀ ਅਤੇ ਗੁੜਗਾਉਂ ਦਰਮਿਆਨ ਟਰੇਨ 'ਤੇ ਹਮਲਾ ਕਰ ਦਿੱਤਾ। ਉਸ ਟ੍ਰੇਨ ਵਿੱਚ 21 ਸਿੱਖ ਸਵਾਰ ਸਨ। ਹਮਲੇ ਦੇ ਸਮੇਂ ਸਾਰੇ ਸਿੱਖ ਇੱਕ ਡੱਬੇ ਵਿੱਚ ਆ ਗਏ ਸਨ। ਉਸ ਦੌਰਾਨ ਦੰਗਾਕਾਰੀਆਂ ਨੇ ਡੱਬੇ ਨੂੰ ਹੀ ਅੱਗ ਲਾ ਦਿੱਤੀ ਅਤੇ ਸਾਰੇ 21 ਸਿੱਖ ਲੋਕਾਂ ਨੂੰ ਮਾਰ ਦਿੱਤਾ। ਆਪਣੇ ਪਤੀ ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਅਵਤਾਰ ਸਿੰਘ ਦੀ ਭੈਣ ਆਸ਼ਾ ਕੌਰ ਜੈਪੁਰ ਆ ਗਈ। ਆਸ਼ਾ ਦੀਆਂ ਦੋ ਬੇਟੀਆਂ ਸਨ। ਉਹ ਇੱਕ ਬੇਟੀ ਨਾਲ ਜੈਪੁਰ ਆਈ ਸੀ। ਪਰ ਕੁਝ ਦਿਨਾਂ ਬਾਅਦ ਉਸ ਦੇ ਸਹੁਰੇ ਉਸ ਦੀ ਧੀ ਨੂੰ ਵੀ ਆਪਣੇ ਨਾਲ ਲੈ ਗਏ। ਦੋਵਾਂ ਕੁੜੀਆਂ ਬਬਲੀ ਅਤੇ ਪੂਜਾ ਦੇ ਵਿਆਹ ਹੋ ਚੁੱਕੇ ਹਨ। ਪਰ ਉਹ ਹਜੇ ਵੀ ਆਪਣੀ ਮਾਂ ਤੋਂ ਦੂਰ ਹਨ।
ਅਵਤਾਰ ਸਿੰਘ ਨੇ ਦੱਸਿਆ ਕਿ ਜੈਪੁਰ ਦਾ ਉਹ ਇਕਲੌਤਾ ਪਰਿਵਾਰ ਹੈ ਜੋਂ 1984 ਦੇ ਦੰਗਿਆਂ ਤੋਂ ਪ੍ਰਭਾਵਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਅੱਜ ਤੱਕ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਦਿੱਲੀ ਸਰਕਾਰ ਨੇ 10,000 ਦਾ ਚੈੱਕ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਕਈ ਵਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਪਰ ਉਸ ਦੀ ਭੈਣ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਦੌਰਾਨ ਉਨ੍ਹਾਂ ਨੇ ਰਾਜਸਥਾਨ ਸਰਕਾਰ ‘ਤੇ ਵੀ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਤ ਉਸ ਦੇ ਇਕਲੌਤੇ ਪਰਿਵਾਰ ਲਈ ਅੱਜ ਤੱਕ ਕੁਝ ਨਹੀਂ ਕੀਤਾ।