ਸ੍ਰੀਨਗਰ: ਸ਼ਹਿਰ ਦੇ ਨੌਹੱਟਾ ਖੇਤਰ 'ਚ ਸ਼ੱਕੀ ਅੱਤਵਾਦੀਆਂ ਨੇ ਸੁਰੱਖਿਆ ਕਰਮੀਆਂ 'ਤੇ ਗ੍ਰਨੇਡ ਹਮਲਾ ਕਰ ਦਿੱਤਾ, ਜਿਸ ਵਿੱਚ ਸ਼ਸ਼ਸਤਰ ਸੀਮਾ ਬਲ ਦੇ 3 ਜਵਾਨ ਅਤੇ ਜੰਮੂ-ਕਸ਼ਮੀਰ ਦਾ ਇੱਕ ਪੁਲਿਸ ਕਾਂਸਟੇਬਲ ਜ਼ਖਮੀ ਹੋ ਗਏ।
ਐਸਐਸਬੀ ਦੇ ਬੁਲਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਕਰੀਬ ਸਾਢੇ 9 ਵਜੇ ਅੱਤਵਾਦੀਆਂ ਨੇ ਸ਼ਹਿਰ ਦੇ ਨੌਹੱਟਾ ਚੌਕ ਵਿਖੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਵੱਲ ਇੱਕ ਗ੍ਰਨੇਡ ਸੁੱਟਿਆ। ਹਮਲੇ ਦੌਰਾਨ ਐਸਐਸਬੀ ਦੇ 3 ਜਵਾਨ ਅਤੇ ਇੱਕ ਜੰਮੂ ਪੁਲਿਸ ਦਾ ਕਾਂਸਟੇਬਲ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਖਮੀ ਹੋਏ ਜਵਾਨਾਂ ਦੀ ਪਛਾਣ ਜੇਕੇਪੀ ਕਾਂਸਟੇਬਲ ਅਬਦੁੱਲ ਮਜੀਦ, ਐਸਐਸਬੀ ਦੇ ਸਬ-ਇੰਸਪੈਕਟਰ ਅਨੁਰਾਗ ਰਾਓ, ਐਸਐਸਬੀ ਹੈੱਡ ਕਾਂਸਟੇਬਲ ਸੰਨਤਾ ਕੁਮਾਰ ਅਤੇ ਐਸਐਸਬੀ ਕਾਂਸਟੇਬਲ ਦੁਰਗੇਸ਼ ਕੁਮਾਰ ਵਜੋਂ ਹੋਈ ਹੈ।
ਇਸ ਹਮਲੇ ਤੋਂ ਬਾਅਦ ਅੱਤਵਾਦੀਆਂ ਨੂੰ ਫੜਨ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।