ਨਵੀਂ ਦਿੱਲੀ: ਆਈਐਨਐਕਸ ਮੀਡੀਆ ਘਪਲਾ ਮਾਮਲੇ ਵਿੱਚ ਸੀਬੀਆਈ ਦੀ ਟੀਮ ਨੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੂੰ ਆਪਣੀ ਹਿਰਾਸਤ 'ਚ ਲੈ ਲਿਆ। ਉੱਥੇ ਹੀ ਭਾਜਪਾ ਨੇ ਵੀ ਕਾਂਗਰਸ 'ਤੇ ਤੀਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਬੀਜੇਪੀ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਤੁਲਨਾ ਵਿਜੈ ਮਾਲਿਆ ਨਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਚਿਦੰਬਰਮ ਆਖ਼ਿਰਕਾਰ ਭਜ ਕਿਉ ਰਹੇ ਸਨ। ਬੀਜੇਪੀ ਦੇ ਬੁਲਾਰੇ ਜੀਵੀਐਲ ਨਰਸਿਮਹਾ ਰਾਓ ਨੇ ਕਿਹਾ ਕਿ ਚਿਦੰਬਰਮ ਵਿਜੈ ਮਾਲਿਆ ਅਤੇ ਨੀਰਵ ਮੋਦੀ ਵਰਗੀ ਹਰਕਤਾਂ ਕਰ ਰਹੇ ਹਨ, ਕੋਈ ਵੀ ਨਹੀਂ ਬਚੇਗਾ।
ਬੀਜੇਪੀ ਦੇ ਬੁਲਾਰੇ ਸ਼ਹਨਵਾਜ਼ ਹੁਸੈਨ ਨੇ ਕਿਹਾ ਹੈ ਕਿ ਜੇ ਚਿਦੰਬਰਮ ਨੇ ਕੁਝ ਗਲਤ ਕੀਤਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਇਲਜ਼ਾਮ ਭੁਗਤਨ ਲਈ ਤੈਆਰ ਰਹਿਣਾ ਚਾਹੀਦਾ ਹੈ।
ਆਈਐਨਐਕਸ ਮੀਡੀਆ ਘਪਲਾ ਮਾਮਲੇ ਵਿੱਚ ਘਿਰੇ ਪੀ ਚਿਦੰਬਰਮ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਚਿਦੰਬਰਮ ਕਾਂਗਰਸ ਦੇ ਦਫ਼ਤਰ ਵਿੱਚ ਲਗਪਗ 10 ਮਿੰਟ ਰੁਕੇ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਦੀ ਟੀਮ ਵੀ ਪਹੁੰਚੀ ਸੀ, ਪਰ ਇਸ ਤੋਂ ਪਹਿਲਾਂ ਉਹ ਉੱਥੋਂ ਚਲੇ ਗਏ ਸਨ। ਜਿਸ ਤੋਂ ਬਾਅਦ ਸੀਬੀਆਈ ਦੀ ਟੀਮ ਚਿਦੰਬਰਮ ਦੇ ਘਰ ਵਿੱਚ ਦਾਖ਼ਲ ਹੋਈ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਕਾਂਗਰਸ ਸਕੱਤਰੇਤ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਪੀ. ਚਿਦੰਬਰਮ ਨੇ ਕਿਹਾ ਸੀ ਕਿ ਮੈਂ ਦੋਸ਼ੀ ਨਹੀਂ ਹਾਂ। ਮੇਰੇ ਖ਼ਿਲਾਫ਼ ਚਾਰਜਸ਼ੀਟ ਦਾਖਲ ਨਹੀਂ ਕੀਤੀ ਹੈ ਇਸ ਤੋਂ ਪਹਿਲਾਂ, ਦਿੱਲੀ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ, ਚਿਦੰਬਰਮ ਨੇ ਸੁਪਰੀਮ ਕੋਰਟ ਵਿੱਚ ਅਗਾਊਂ ਪਟੀਸ਼ਨ ਦਾਖ਼ਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਦੀ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।