ਨਵੀਂ ਦਿੱਲੀ: INX ਮੀਡੀਆ ਮਾਮਲੇ ਵਿੱਚ ਦੋਸ਼ੀ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ 27 ਘੰਟੇ ਬਾਅਦ ਕਾਂਗਰਸ ਦੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹ 24 ਘੰਟੇ ਪਹਿਲਾਂ ਕਿੱਥੇ ਸਨ? ਚਿਦੰਬਰਮ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਪੂਰੇ ਮਾਮਲੇ ਵਿੱਚ ਫ਼ਸਾਇਆ ਗਿਆ ਹੈ। ਚਿਦੰਬਰਮ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਆਪਣੇ ਦਸਤਾਵੇਜ ਤਿਆਰ ਕਰ ਰਹੇ ਸਨ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਚਿਦੰਬਰਮ ਆਪਣੇ ਘਰ ਗਏ ਜਿੱਥੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਚਿਦੰਬਰਮ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਬਹੁਤ ਗ਼ਲਤ ਪ੍ਰਚਾਰ ਕੀਤਾ ਗਿਆ ਹੈ ਤੇ ਨਾਲ ਹੀ ਕਿਹਾ ਕਿ ਮਾਮਲੇ ਵਿੱਚ ਸੀਬੀਆਈ ਨੇ ਚਾਰਜ ਸੀਟ ਦਾਖ਼ਿਲ ਨਹੀਂ ਕੀਤੀ ਹੈ ਤੇ ਮੇਰੇ ਪਰਿਵਾਰ ਦੇ ਖ਼ਿਲਾਫ਼ ਕੋਈ ਚਾਰਜਸ਼ੀਟ ਨਹੀਂ ਹੈ, ਮੈਨੂੰ ਤੇ ਮੇਰੇ ਪੁੱਤਰ ਨੂੰ ਫ਼ਸਾਇਆ ਗਿਆ ਹੈ। ਕਿਸੇ ਵੀ ਐੱਫ਼ਆਈਆਰ ਵਿੱਚ ਮੇਰਾ ਨਾਂਅ ਨਹੀਂ ਹੈ।
INX ਮੀਡੀਆ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਨੂੰ ਸੀਬੀਆਈ ਤੇ ਈਡੀ ਦੀ ਟੀਮ ਭਾਲ ਰਹੀ ਸੀ। ਮੰਗਲਵਾਰ ਸ਼ਾਮ ਤੋਂ ਚਿਦੰਬਰਮ 'ਤੇ ਦੋਸ਼ ਲੱਗੇ ਕਿ ਉਹ ਗਾਇਬ ਹਨ। ਗਾਇਬ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਡਰਾਈਵਰ ਤੇ ਕਲਰਕ ਨੂੰ ਰਾਹ ਵਿੱਚ ਹੀ ਉਤਾਰ ਦਿੱਤਾ ਤੇ ਬਾਅਦ ਵਿੱਚ ਆਪਣਾ ਮੋਬਾਈਲ ਵੀ ਸਵਿੱਚ ਆਫ਼ ਕਰ ਲਿਆ।