ਉੱਤਰ ਪ੍ਰਦੇਸ਼: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਚੱਲਿਆ ਕੌਮਾਂਤਰੀ ਨਗਰ ਕੀਰਤਨ ਸ਼ੁੱਕਰਵਾਰ ਪ੍ਰਯਾਗਰਾਜ ਪਹੁੰਚਿਆ। ਇੱਥੋਂ ਦੇ ਸ਼ਰਧਾਲੂਆਂ ਨੇ ਨਗਰ ਕੀਰਤਨ ਨਾਲ ਆਈ ਸੰਗਤ ਦਾ ਭਰਵਾਂ ਸਵਾਗਤ ਕੀਤਾ।
ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੌਮਾਂਤਰੀ ਨਗਰ ਕੀਰਤਨ ਸੁੱਖ-ਸ਼ਾਂਤੀ ਦਾ ਸੰਦੇਸ਼ ਦਿੰਦਿਆਂ ਪ੍ਰਯਾਗਰਾਜ ਦੇ ਸਿਵਲ ਲਾਈਨ ਸੁਭਾਸ਼ ਚੌਂਕ ਪਹੁੰਚਣ 'ਤੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਹੋਰਨਾਂ ਸਰਧਾਲੂਆਂ ਨਾਲ ਮਿਲ ਕੇ ਫੁੱਲਾਂ ਨਾਲ ਪਾਲਕੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਇੱਥੇ ਬੈਠੇ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਤੋਂ ਚੱਲੀਆਂ ਉਨ੍ਹਾਂ ਦੀਆਂ ਨਿਸ਼ਾਨੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਯਾਤਰਾ ਵਿੱਚ ਅੱਗੇ-ਅੱਗੇ ਸੁਰੱਖਿਆ ਬਲ ਦੇ ਜਵਾਨਾਂ ਦੀਆਂ ਗੱਡੀਆਂ ਚੱਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਇਆ ਇਹ ਕੌਮਾਂਤਰੀ ਨਗਰ ਕੀਰਤਨ ਆਪਣੇ ਅਗਲੇ ਪੜਾਅ ਵੱਲ ਵੱਧ ਰਿਹਾ ਹੈ ਅਤੇ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਨਗਰ ਕੀਰਤਨ ਨਾਲ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ, ਬਸਤਰਾਂ ਵਾਲੀ ਬੱਸ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਦੌਰਾਨ ਗਤਕਾ ਪਾਰਟੀਆਂ ਸਿੱਖ ਸ਼ਸਤਰ ਕਲਾ ਦੇ ਜੌਹਰ ਵਿਖਾ ਰਹੀਆਂ ਹਨ। ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ’ਤੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਰਹੀਆਂ ਹਨ।
ਇਹ ਵੀ ਪੜ੍ਹੋ: ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੱਥੇ 'ਤੇ ਸਜਦਾ ਸੀ ਉੱਤਰਾਖੰਡ ਦੀ ਪਹਾੜੀ ਦਾ ਮੋਰ ਪੰਖ
1 ਅਗਸਤ ਤੋਂ ਆਰੰਭ ਹੋਇਆ ਨਗਰ ਕੀਰਤਨ ਕਰੀਬ ਤਿੰਨ ਮਹੀਨੇ ਤੱਕ ਵੱਖ-ਵੱਖ ਸੂਬਿਆਂ 'ਚੋਂ ਗੁਜ਼ਰ ਰਿਹਾ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਤੋਂ ਬਾਅਦ ਪਾਕਿਸਤਾਨ ਤੋਂ ਚੱਲਿਆ ਇਹ ਕੌਮਾਂਤਰੀ ਨਗਰ ਕੀਰਤਨ ਸੁੱਖ-ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਹੈ। ਭਾਰਤ -ਪਾਕਿ ਦੀ ਵੰਡ ਮਗਰੋਂ ਪਹਿਲੀ ਵਾਰ ਕਿਸੇ ਨਗਰ ਕੀਰਤਨ ਨੇ ਕੌਮਾਂਤਰੀ ਸਰਹੱਦ ਪਾਰ ਕੀਤੀ ਹੈ। ਇਹ ਕੌਮਾਂਤਰੀ ਨਗਰ ਕੀਰਤਨ 3 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ।