ਹੈਦਰਾਬਾਦ: ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 75ਵੀਂ ਬਰਸੀ ਹੈ। ਲੋਕ ਉਨ੍ਹਾਂ ਨੂੰ ਨੇਤਾ ਜੀ ਵੱਜੋਂ ਜਾਣਦੇ ਹਨ। ਉਨ੍ਹਾਂ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦਾ ਮੁੱਖ ਨੇਤਾ ਮੰਨਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਆਪਣੇ ਪ੍ਰਚਾਰ ਨਾਲ ਵਿਸ਼ਵ ਭਰ ਦੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ।
ਉਨ੍ਹਾਂ ਦੀ ਜਯੰਤੀ 'ਤੇ ਦੇਸ਼ ਦੇ ਲੋਕ ਉਸ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ, ਜਿਨ੍ਹਾਂ ਨੇ ਬਹੁਤ ਸਾਰੇ ਭਾਰਤੀਆਂ ਦੇ ਦਿਲਾਂ ਵਿੱਚ ਮਸ਼ਹੂਰ ਨਾਅਰਾ 'ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ' ਵਸਾ ਦਿੱਤਾ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉੜੀਸਾ ਬੰਗਾਲ ਡਵੀਜ਼ਨ ਵਿੱਚ ਹੋਇਆ ਸੀ। ਸੁਭਾਸ਼ 14 ਮੈਂਬਰਾਂ ਦੇ ਇੱਕ ਪਰਿਵਾਰ ਦੇ ਨੌਵੇਂ ਮੈਂਬਰ ਸਨ। ਉਨ੍ਹਾਂ ਨੇ 1918 ਵਿੱਚ ਪਹਿਲੀ ਦਰਜੇ 'ਚ ਫ਼ਿਲਾਸਫ਼ੀ ਦੀ ਬੀ.ਏ. ਪੂਰੀ ਕੀਤੀ ਸੀ।
ਨੇਤਾ ਜੀ ਨੇ 1920 ਵਿੱਚ ਇੰਗਲੈਂਡ ਵਿੱਚ ਇੰਡੀਅਨ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ, ਪਰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਬਾਰੇ ਸੁਣਦਿਆਂ ਹੀ 23 ਅਪ੍ਰੈਲ 1921 ਨੂੰ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਨੇਤਾਜੀ 1920 ਅਤੇ 1930 ਦੇ ਦਹਾਕੇ ਦੇ ਅਖੀਰ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਜਵਾਨ ਕੱਟੜਪੰਥੀ ਨੇਤਾ ਸਨ। ਇਹ 1938 ਅਤੇ 1939 ਦਾ ਦੌਰ ਸੀ ਜਦੋਂ ਸੁਭਾਸ਼ ਕਾਂਗਰਸ ਦੇ ਪ੍ਰਧਾਨ ਬਣਨ ਦੀ ਦੌੜ ਵਿੱਚ ਅੱਗੇ ਚੱਲ ਰਹੇ ਸਨ। ਹਾਲਾਂਕਿ, ਮਹਾਤਮਾ ਗਾਂਧੀ ਨਾਲ ਮਤਭੇਦ ਦੇ ਕਾਰਨ ਉਨ੍ਹਾਂ ਨੂੰ 1939 ਵਿੱਚ ਕਾਂਗਰਸ ਦੀ ਲੀਡਰਸ਼ਿਪ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਉਨ੍ਹਾਂ ਨੂੰ 1921-1941 ਦੇ ਦਰਮਿਆਨ 11 ਵਾਰ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਕੀਤਾ ਗਿਆ। ਮਹਾਤਮਾ ਗਾਂਧੀ ਦੀ ਅਹਿੰਸਾਵਾਦੀ ਵਿਚਾਰਧਾਰਾ ਦਾ ਵਿਰੋਧ ਕਰਦਿਆਂ ਨੇਤਾ ਜੀ ਦਾ ਮੰਨਣਾ ਸੀ ਕਿ ਅਹਿੰਸਾ ਆਜ਼ਾਦੀ ਨੂੰ ਕਾਇਮ ਰੱਖਣ ਅਤੇ ਹਿੰਸਕ ਟਾਕਰੇ ਦੀ ਵਕਾਲਤ ਕਰਨ ਲਈ ਕਾਫ਼ੀ ਨਹੀਂ ਹੋਵੇਗੀ।
ਇਸ ਦੇ ਕਾਰਨ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਹਮਾਇਤ ਕਰਨ ਲਈ ਨਾਜ਼ੀ ਜਰਮਨੀ ਅਤੇ ਜਾਪਾਨ ਦੀ ਯਾਤਰਾ ਕਰਨ ਦਾ ਫ਼ੈਸਲਾ ਕੀਤਾ। ਜਰਮਨੀ ਵਿੱਚ ਉਨ੍ਹਾਂ ਨੇ ਆਸਟ੍ਰੇਲੀਆਈ ਔਰਤ ਐਮਿਲੀ ਸ਼ੈਂਕਲ ਨਾਲ ਵਿਆਹ ਕੀਤਾ। ਉਸ ਦੀ ਬੇਟੀ ਅਨੀਤਾ ਬੋਸ ਇੱਕ ਪ੍ਰਸਿੱਧ ਜਰਮਨ ਅਰਥਸ਼ਾਸਤਰੀ ਹੈ।
ਬਾਅਦ ਵਿੱਚ ਜਪਾਨ ਦੀ ਮਦਦ ਨਾਲ ਨੇਤਾ ਜੀ ਨੇ ਅਜ਼ਾਦ ਹਿੰਦ ਫ਼ੌਜ ਜਾਂ ਇੰਡੀਅਨ ਨੈਸ਼ਨਲ ਆਰਮੀ (ਆਈ.ਐੱਨ.ਏ.) ਦੀ ਸਥਾਪਨਾ ਕੀਤੀ। ਨੇਤਾ ਜੀ ਨੇ ‘ਦਿ ਇੰਡੀਅਨ ਸਟ੍ਰਗਲ’ ਨਾਂ ਦੀ ਇੱਕ ਕਿਤਾਬ ਵੀ ਲਿਖੀ, ਜੋ 1935 ਵਿੱਚ ਪ੍ਰਕਾਸ਼ਿਤ ਹੋਈ ਸੀ।
ਉਨ੍ਹਾਂ ਨੇ ਜਰਮਨ ਵਿੱਚ ਆਜ਼ਾਦ ਹਿੰਦ ਰੇਡੀਓ ਸਟੇਸ਼ਨ ਦੀ ਸਥਾਪਨਾ ਵੀ ਕੀਤੀ। ਨੇਤਾ ਜੀ ਦਾ ਮੰਨਣਾ ਸੀ ਕਿ ਭਗਵਤ ਗੀਤਾ ਉਨ੍ਹਾਂ ਲਈ ਪ੍ਰੇਰਣਾ ਸਰੋਤ ਸੀ। ਨੇਤਾ ਜੀ ਸਵਾਮੀ ਵਿਵੇਕਾਨੰਦ ਦੇ ਵਿਸ਼ਵਵਿਆਪੀ ਭਾਈਚਾਰੇ, ਉਨ੍ਹਾਂ ਦੇ ਰਾਸ਼ਟਰਵਾਦੀ ਵਿਚਾਰਾਂ ਅਤੇ ਸਮਾਜ ਸੇਵਾ ਉੱਤੇ ਜ਼ੋਰ ਦੇਣ ਦੀ ਸਿੱਖਿਆਵਾਂ ਵਿੱਚ ਵੀ ਵਿਸ਼ਵਾਸ਼ ਰੱਖਦੇ ਸਨ।
ਨੇਤਾ ਜੀ ਦੀ ਮੌਤ 18 ਅਗਸਤ, 1945 ਨੂੰ ਹੋਈ, ਜਦੋਂ ਵੱਧ ਭਾਰ ਵਾਲਾ ਜਾਪਾਨ ਦਾ ਜਹਾਜ਼ ਜਪਾਨੀ ਸ਼ਾਸਤ ਫ਼ਾਰਮੋਸਾ (ਹੁਣ ਤਾਈਵਾਨ) ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਬਾਰੇ ਵਿੱਚ ਕਈ ਵਿਵਾਦ ਤੇ ਭੇਦ ਹਨ। ਬਹੁਤ ਸਾਰੇ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਕਾਂਗਰਸ ਆਪਣੇ ਨਾਇਕ ਬਾਰੇ ਸੱਚ ਨੂੰ ਕਦੇ ਵੀ ਉਜਾਗਰ ਨਹੀਂ ਹੋਣ ਦੇਵੇਗੀ ਕਿਉਂਕਿ ਇਹ ਨਹਿਰੂ ਪਰਿਵਾਰ ਦੀ ਪਾਰਟੀ ਹੈ ਅਤੇ ਜਵਾਹਰ ਲਾਲ ਨਹਿਰੂ ਤੇ ਨੇਤਾਜੀ ਸਖ਼ਤ ਵਿਰੋਧੀ ਸਨ।
ਕਈਆਂ ਦਾ ਇਹ ਵੀ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਨੇਤਾ ਜੀ ਨੂੰ ਆਜ਼ਾਦੀ ਤੋਂ ਬਾਅਦ ਭਾਰਤ ਵਾਪਿਸ ਆਉਣ ਤੋਂ ਰੋਕਣ ਲਈ ਸੋਵੀਅਤ ਯੂਨੀਅਨ ਨਾਲ ਸਾਜਿਸ਼ ਰਚੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਸ ਤੋਂ ਉਨ੍ਹਾਂ ਨੂੰ ਖ਼ਤਰਾ ਹੋ ਸਕਦਾ ਹੈ।