ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੋਰੋਨਾ ਸੰਕਟ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਏ ਦੇ ਨਿਰਦੇਸ਼ਕ ਡਾ. ਰਾਜਨ ਸ਼ਰਮਾ ਨੇ ਕੋਰੋਨਾ ਪ੍ਰਕੋਪ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ।
ਡਾ. ਰਾਜਨ ਸ਼ਰਮਾ ਨੇ ਦੱਸਿਆ ਕਿ ਜਿੱਥੇ ਕੋਰੋਨਾ ਕਾਰਨ ਪਹਿਲਾਂ ਦੇਸ਼ ਵਿੱਚ ਐਮਰਜੈਸੀ ਦੀ ਸਥਿਤੀ ਬਣੀ ਹੋਈ ਹੈ। ਉੱਥੇ ਹੀ ਕੋਰੋਨਾ ਯੋਧੇ ਡਾਕਟਰ ਵੀ ਕੋਰੋਨਾ ਦੀ ਚਪੇਟ ਵਿੱਚ ਆ ਰਹੇ ਹਨ ਤੇ ਆਪਣੀ ਜਾਨ ਨੂੰ ਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਡਾਕਟਰਾਂ ਦੀ ਦੇਸ਼ ਵਿੱਚ ਘਾਟ ਹੋਵੇਗੀ।
ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਘੱਟੋ-ਘੱਟ 107 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਆਈਐਮਏ ਨੇ ਡਾਕਟਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦਾ ਕਹਿਰ ਜਿਸ ਤਰੀਕੇ ਨਾਲ ਵੱਧ ਰਿਹਾ ਹੈ ਉਸ ਨੂੰ ਦੇਖਦੇ ਹੋਏ ਸਾਨੂੰ ਆਪਣੀ ਸੁਰੱਖਿਆ ਉੱਤੇ ਪੂਰਾ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਡਾਕਟਰ ਦੇਸ਼ ਦੀ ਸੇਵਾ ਵਿੱਚ ਕੰਮ ਕਰ ਸਕੀਏ।
ਸ਼ਰਮਾ ਨੇ ਸਾਰੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਹੋਈ ਗਾਈਡਲਾਈਨ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਆਪਣੀ ਸੁਰੱਖਿਆ ਨੂੰ ਨਜ਼ਰਅੰਦਾਜ਼ ਨਾ ਕਰਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਸ਼ਹੀਦ ਹੋਏ ਡਾਕਟਰਾਂ ਦੀ ਲਿਸਟ ਦੇਖੀਏ ਤਾਂ ਉਸ ਤੋਂ ਇਹ ਪਤਾ ਲਗਦਾ ਹੈ ਕਿ ਕੋਰੋਨਾ ਵੱਡੀ ਉਮਰ ਦੇ ਡਾਕਟਰਾਂ ਨੂੰ ਆਪਣਾ ਨਿਸ਼ਾਨਾ ਨਹੀਂ ਬਣਾ ਰਿਹਾ ਬਲਕਿ ਘੱਟ ਉਮਰ ਵਾਲੇ ਡਾਕਟਰ ਇਸ ਚਪੇਟ ਵਿੱਚ ਆ ਰਹੇ ਹਨ। ਇਸ ਲਈ ਸਾਰੇ ਹੀ ਆਪਣੀ ਸਿਹਤ ਦਾ ਧਿਆਨ ਰੱਖਣ।
ਇਹ ਵੀ ਪੜ੍ਹੋ: ਗੁਜਰਾਤ ਦੇ ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ