ਨਵੀਂ ਦਿੱਲੀ: ਹਾਲ ਹੀ 'ਚ ਪੀਐੱਨਬੀ ਘੋਟਾਲੇ 'ਚ ਮੁੱਖ ਦੋਸ਼ੀ ਨੀਰਵ ਮੋਦੀ ਦੇ ਲੰਡਨ 'ਚ ਘੁੰਮਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੂੰ ਵੇਖਦਿਆਂ ਭਾਰਤ ਨੇ ਉਸ ਦੀ ਹਵਾਲਗੀ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਨੀਰਵ ਮੋਦੀ ਦੀ ਹਵਾਲਗੀ ਦੀ ਭਾਰਤ ਦੀ ਅਪੀਲ ਸਥਾਨਕ ਕੋਰਟ ਨੂੰ ਸੌਂਪ ਦਿੱਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨਿਚਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 48 ਸਾਲਾ ਨੀਰਵ ਮੋਦੀ ਦੀ ਭਾਰਤ ਹਵਾਲਗੀ ਲਈ ਅਪੀਲ ਬ੍ਰਿਟੇਨ ਨੂੰ ਜੁਲਾਈ 2018 'ਚ ਹੀ ਸੌਂਪ ਦਿੱਤੀ ਗਈ ਸੀ। ਬ੍ਰਿਟੇਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਵਾਲਗੀ ਲਈ ਭਾਰਤ ਦੀ ਅਪੀਲ ਦੀ ਪੁਸ਼ਟੀ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਦੀ ਉਸ ਅਪੀਲ ਨੂੰ ਹਾਲੀਆ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ 'ਚ ਜ਼ਿਲ੍ਹਾ ਜੱਜ ਨੂੰ ਅੱਗੇ ਦੀ ਕਾਰਵਾਈ ਲਈ ਭੇਜਿਆ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸੂਤਰਾਂ ਮੁਤਾਬਕ ਭਾਰਤੀ ਜਾਂਚ ਏਜੰਸੀ ਨੂੰ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਸਾਜਿਦ ਜਾਵਿਦ ਨੇ ਰਸਮੀ ਤੌਰ 'ਤੇ ਕਿਹਾ ਕਿ ਦੋ ਹੀ ਦਿਨ ਪਹਿਲਾਂ ਨੀਰਵ ਮੋਦੀ ਦੀ ਹਵਾਲਗੀ ਦੀ ਅਪੀਲ ਨੂੰ ਲੰਡਨ ਦੀ ਇਕ ਅਦਾਲਤ 'ਚ ਭੇਜਿਆ ਗਿਆ ਹੈ।
ਛੇਤੀ ਹੀ ਈਡੀ ਤੇ ਸੀਬੀਆਈ ਦੀ ਇਕ ਸਾਂਝੀ ਟੀਮ ਬ੍ਰਿਟੇਨ ਜਾ ਕੇ ਭਾਰਤੀ ਕੇਸ ਬਾਰੇ ਵਕੀਲਾਂ ਨੂੰ ਜਾਣਕਾਰੀ ਅਤੇ ਨੀਰਵ ਮੋਦੀ ਵਿਰੁੱਧ ਸਬੂਤ ਦੇਵੇਗੀ।