ਗਯਾ: ਬਿਹਾਰ ਦੇ ਗਯਾ ਜ਼ਿਲ੍ਹੇ ਦੇ ਆਮਸ ਥਾਣਾ ਖੇਤਰ 'ਚ ਸੋਮਵਾਰ ਨੂੰ ਇੱਕ ਟਰੱਕ ਵੱਲੋਂ 2 ਆਟੋ ਰਿਕਸ਼ਾ ਨੂੰ ਟੱਕਰ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਆਟੋ 'ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 15-16 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਲੋਕਾਂ ਚੋਂ 4 ਲੋਕਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਗਯਾ ਦੇ ਰੇਗਨਿਯਾ ਪਿੰਡ 'ਚ ਕਈ ਲੋਕ 2 ਆਟੋ 'ਚ ਸਵਾਰ ਹੋ ਕੇ ਦੇਵ ਮੰਦਰ ਤੋਂ ਇੱਕ ਤਿਲਕ ਸਮਾਗਮ 'ਚ ਸ਼ਾਮਲ ਹੋ ਕੇ ਵਾਪਸ ਘਰ ਜਾ ਰਹੇ ਸੀ ਕਿ ਉਦੋਂ ਕੋਮਾਂਤਰੀ ਮਾਰਗ 'ਤੇ ਬਿਸ਼ਨਪੁਰਾ ਪਿੰਡ ਦੇ ਕੋਲ ਸਾਹਮਣੇ ਤੋਂ ਆ ਰਹੇ ਟਰੱਕ ਨੇ 2 ਆਟੋਆਂ ਨੂੰ ਟਕੱਰ ਮਾਰ ਦਿੱਤੀ।
ਇਹ ਵੀ ਪੜ੍ਹੋ:ਬੀਤੇ 14 ਦਿਨਾਂ 'ਚ ਸਮੁੱਚੇ ਦੇਸ਼ 'ਚ ਆਮ ਨਾਲੋਂ 31 ਫੀਸਦ ਵੱਧ ਪਿਆ ਮੀਂਹ
ਆਮਸ ਦੇ ਥਾਣਾ ਦੇ ਮੁਖੀ ਅਨਿਲ ਕੁਮਾਰ ਨੇ ਆਈਏਐਨਐਸ ਨੂੰ ਦੱਸਿਆ ਕਿ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋਈ ਹੈ ਜਦਕਿ 15 ਲੋਕ ਜ਼ਖਮੀ ਹਨ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਖ਼ਮੀ ਲੋਕਾਂ ਚੋਂ 4 ਲੋਕਾਂ ਦੀ ਹਾਲਾਤ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕ ਲੋਕ ਰੇਗਨਿਯਾ ਪਿੰਡ ਦੇ ਵਸਨੀਕ ਸੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਦੱਸਿਆ ਜਾ ਰਿਹਾ। ਪੁਲਿਸ ਵੱਲੋਂ ਪੂਰੇ ਹਾਦਸੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।