ਨਵੀਂ ਦਿੱਲੀ: ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਆਪਣੀ ਤਾਜ਼ਾ ਰਿਪੋਰਟ 'ਚ ਵਿਸ਼ਵ ਆਰਥਿਕ ਵਿਕਾਸ ਦਰ ਅਨੁਮਾਨ 'ਚ ਕਟੌਤੀ ਕੀਤੀ ਹੈ। ਆਈਐਮਐਫ ਨੇ ਭਾਰਤ ਦੀ ਵਿਕਾਸ ਦਰ ਦੇ ਆਪਣੇ ਅਨੁਮਾਨ 'ਚ ਇਸ ਭਾਰੀ ਕਟੌਤੀ ਦਾ ਕਾਰਨ ਦੇਸ਼ ਦੀ ਘਰੇਲੂ ਮੰਗ 'ਚ ਕਾਫ਼ੀ ਨਰਮੀ ਨੂੰ ਦੱਸਿਆ ਹੈ।
ਸੰਸਥਾ ਅਨੁਸਾਰ ਘਰੇਲੂ ਮੰਗ ਕਾਫ਼ੀ ਕਮਜ਼ੋਰ ਰਹਿਣ ਤੇ ਗ਼ੈਰ-ਬੈਕਿੰਗ ਵਿੱਤੀ ਖੇਤਰ ਦੇ ਦਬਾਅ 'ਚ ਹੋਣ ਕਾਰਨ ਚਾਲੂ ਵਿੱਤੀ ਵਰ੍ਹੇ 'ਚ ਭਾਰਤ ਦੀ ਆਰਥਿਕ ਵਿਕਾਸ ਦਰ ਘੱਟ ਕੇ 4.8 ਫੀਸਦੀ ਰਹਿ ਸਕਦੀ ਹੈ।
ਆਈਐਮਐਫ ਨੇ ਹਾਲਾਂਕਿ ਅਗਲੇ ਸਾਲ ਆਰਥਿਕ ਸੁਸਤੀ ਦੂਰ ਹੋਣ ਨਾਲ ਵਿਕਾਸ ਦਰ 'ਚ ਵਾਧੇ ਦੀ ਉਮੀਦ ਪ੍ਰਗਟਾਈ ਹੈ। ਆਈਐਮਐਫ ਦੇ ਅਨੁਸਾਰ, ਭਾਰਤ ਦੀ ਆਰਥਿਕ ਵਿਕਾਸ ਦਰ ਅਗਲੇ ਸਾਲ 2020 'ਚ 5.8 ਫੀਸਦੀ ਤੇ 2021 'ਚ 6.5 ਫੀਸਦੀ ਰਹਿ ਸਕਦੀ ਹੈ।
ਆਈਐਮਐਫ ਦੀ ਵਰਲਡ ਇਕੋਨਮਿਕ ਆਊਟਲੁੱਕ ਦੀ ਤਾਜ਼ਾ ਰਿਪੋਰਟ ਅਨੁਸਾਰ, ਵਿਸ਼ਵ ਅਰਥ ਵਿਵਸਥਾ ਦੀ ਦਰ 2019 'ਚ 2.9 ਫੀਸਦੀ ਜਦਕਿ 2020 'ਚ 3.3 ਫੀਸਦੀ ਤੇ 2021 'ਚ 3.4 ਫੀਸਦੀ ਰਹਿ ਸਕਦੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ਵ ਬੈਂਕ ਨੇ ਭਾਰਤ ਦੀ ਅਰਥ ਵਿਵਸਥਾ ਦਰ ਚਾਲੂ ਵਿੱਤੀ ਸਾਲ 'ਚ ਪੰਜ ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਉਥੇ ਹੀ ਸੰਯੁਕਤ ਰਾਸ਼ਟਰ ਅਨੁਸਾਰ ਭਾਰਤ ਦੀ ਅਰਥ ਵਿਕਾਸ ਦਰ 5.7 ਫੀਸਦੀ ਰਹਿ ਸਕਦੀ ਹੈ।