ਨਵੀਂ ਦਿੱਲੀ: ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਲਾਪਤਾ ਹੋਣ ਦੇ ਪੋਸਟਰ ਅਤੇ ਜਲੇਬੀ ਖਾਂਦੇ ਵੇਖੇ ਜਾਣ ਨੂੰ ਲੈ ਕੇ ਗੌਤਮ ਗੰਭੀਰ ਨੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੇਰੇ ਜਲੇਬੀ ਖਾਣ ਨਾਲ ਦਿੱਲੀ ਦਾ ਪ੍ਰਦੂਸ਼ਣ ਵੱਧ ਰਿਹਾ ਹੈ ਤਾਂ ਮੈਂ ਹਮੇਸ਼ਾ ਦੇ ਲਈ ਜਲੇਬੀ ਖਾਣਾ ਛੱਡ ਸਕਦਾ ਹਾਂ।
ਗੌਤਮ ਗੰਭੀਰ ਨੇ ਕਿਹਾ ਕਿ 10 ਮਿੰਟਾਂ ਵਿੱਚ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜੇ ਇੰਨੀ ਮਿਹਨਤ ਦਿੱਲੀ ਦੇ ਪ੍ਰਦੂਸ਼ਣ ਨੂੰ ਘਟ ਕਰਨ ਵਿੱਚ ਕੀਤੀ ਹੁੰਦੀ ਤਾਂ ਅਸੀਂ ਸਾਹ ਲੈ ਪਾਉਂਦੇ।
ਦੱਸ ਦਈਏ ਕਿ ਪਿਛਲੇ ਦਿਨੀਂ ਦਿੱਲੀ ਵਿੱਚ ਕਈ ਥਾਵਾਂ 'ਤੇ ਗੌਤਮ ਗੰਭੀਰ ਦੇ ਪੋਸਟਰ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ ਵਿੱਚ ਲਿਖਿਆ ਸੀ ਕਿ ਤੁਸੀਂ ਉਨ੍ਹਾਂ ਨੂੰ ਕਿਤੇ ਦੇਖਿਆ ਹੈ? ਉਨ੍ਹਾਂ ਨੂੰ ਆਖਰੀ ਵਾਰ ਇੰਦੌਰ ਵਿੱਚ ਜਲੇਬੀ ਖਾਂਦੇ ਹੋਏ ਦੇਖਿਆ ਗਿਆ ਸੀ। ਪੂਰੀ ਦਿੱਲੀ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਦੱਸਣਯੋਗ ਹੈ ਕਿ ਗੌਤਮ ਗੰਭੀਰ 15 ਨਵੰਬਰ ਨੂੰ ਦਿੱਲੀ ਵਿੱਚ ਪ੍ਰਦੂਸ਼ਣ ਬਾਰੇ ਹੋਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ। ਇਸ ਬੈਠਕ ਵਿੱਚ ਗੌਤਮ ਗੰਭੀਰ ਨੂੰ ਸ਼ਾਮਿਲ ਹੋਣਾ ਸੀ ਪਰ ਉਹ ਇੰਦੌਰ ਵਿੱਚ ਸਨ। ਉਹ ਉੱਥੇ ਖੇਡੇ ਜਾ ਰਹੇ ਭਾਰਤ-ਬੰਗਲਾਦੇਸ਼ ਕ੍ਰਿਕਟ ਟੈਸਟ ਮੈਚ ਦੀ ਕਮੈਂਟਰੀ ਕਰਨ ਲਈ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਸਾਬਕਾ ਕ੍ਰਿਕਟਰ ਲਕਸ਼ਮਣ ਨਾਲ ਜਲੋਬੀ ਅਤੇ ਪੋਹਾ ਖਾਂਦੇ ਦੀ ਤਸਵੀਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਗੰਭੀਰ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ, 'ਮੇਰਾ ਕੰਮ ਖੁੱਦ ਬੋਲੇਗਾ, ਜੇ ਮੈਨੂੰ ਗਾਲਾਂ ਕੱਢਣ ਨਾਲ ਦਿੱਲੀ ਦਾ ਪ੍ਰਦੂਸ਼ਣ ਘੱਟ ਹੋ ਜਾਵੇਗਾ, ਤਾਂ ਤੁਸੀ ਮੈਨੂੰ ਜੀ ਭਰ ਕੇ ਗਾਲਾਂ ਕੱਢੋ।