ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(ਐਚਐਸਜੀਪੀਸੀ) ਦੀਆਂ ਪ੍ਰਧਾਨਗੀ ਲਈ ਚੋਣਾਂ ਅੱਜ(13 ਅਗਸਤ) ਨੂੰ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਗੁਰਦੁਆਰਾ ਗੁਲਾ ਚੀਕਾ ਵਿੱਚ ਪੈ ਰਹੀਆਂ ਹਨ। ਇਨ੍ਹਾਂ ਵੋਟਾਂ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਹੈ। ਸੁਰੱਖਿਆ ਦਾ ਮੱਦੇਨਜ਼ਰ 200 ਦੇ ਕਰੀਬ ਪੁਲਿਸ ਮੁਲਾਜ਼ਮ ਉੱਥੇ ਤੈਨਾਤ ਕੀਤੇ ਗਏ ਹਨ ਤਾਂ ਕਿ ਹਰ ਆਉਣ ਜਾਣ ਵਾਲੇ ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।
ਇਹ ਚੋਣਾਂ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਅਸਤੀਫ਼ੇ ਤੋਂ ਬਾਅਦ ਹੋ ਰਹੀਆਂ ਹਨ। ਝੀਂਡਾ ਨੇ ਲੰਘੀ 25 ਫ਼ਰਵਰੀ ਨੂੰ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਨ੍ਹਾਂ ਚੋਣਾਂ ਵਿੱਚ ਤਿੰਨ ਉਮੀਦਵਾਰ ਹਨ ਜਿਨ੍ਹਾਂ ਵਿੱਚ ਜਸਵੀਰ ਸਿੰਘ ਖ਼ਾਲਸਾ (ਅੰਬਾਲਾ), ਬਲਜੀਤ ਸਿੰਘ ਦਾਦੂਵਾਲ (ਸਿਰਸਾ) ਅਤੇ ਸਵਰਨ ਸਿੰਘ ਰਤੀਆ (ਫ਼ਰੀਦਾਬਾਦ) ਹਨ। ਹਾਲਾਂਕਿ ਸਵਰਨ ਸਿੰਘ ਬੇਸ਼ਰਤ ਆਪਣਾ ਸਮਰਥਣ ਦਾਦੂਵਾਲ ਨੂੰ ਦੇ ਚੁੱਕੇ ਹਨ।
ਡੀਐੱਸਪੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਜਾਣ ਤੋਂ ਪਹਿਲਾਂ ਹਰ ਕਿਸੇ ਨੂੰ ਪੁਲੀਸ ਵੱਲੋਂ ਲਾਏ ਗਏ ਤਿੰਨ ਨਾਕਿਆਂ ਤੋਂ ਲੰਘ ਕੇ ਜਾਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਡੇਰਾ ਕਾਰ ਸੇਵਾ ਵਿੱਚ ਪਾਰਕਿੰਗ ਦੀ ਵਿਵਸਥਾ ਕਰ ਦਿੱਤੀ ਹੈ ਤਾਂ ਕਿਸੇ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋ ਸਕੇ। ਉਨ੍ਹਾਂ ਕਿਹਾ ਚੋਣਾਂ ਤੋੋਂ ਪਹਿਲਾਂ ਸਾਰੇ ਕਾਰਜ ਮੁਕੰਮਲ ਕਰ ਲਏ ਗਏ ਹਨ। ਉਧਰ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਮਾਸਟਰ ਦਰਸ਼ਨ ਸਿੰਘ ਬਰਾੜੀ ਨੇ ਦੱਸਿਆ ਕਿ ਚੋਣ ਵਿੱਚ ਕੁੱਲ 36 ਮੈਂਬਰ ਭਾਗ ਲੈਣਗੇ ਤੇ ਚੁਣੀ ਗਈ ਕਮੇਟੀ ਅਗਲੇ ਢਾਈ ਸਾਲ ਤੱਕ ਕੰਮ ਸੰਭਾਲੇਗੀ।