ਅਜਿਹੇ ਸਮੇਂ ਜਦੋਂ ਕਿ ਪੋਸ਼ਣ ਦੇ ਨਵੀਨਤਮ ਸਰਵੇਖਣ (ਐਨਐਫਐਚਐਸ - 4, ਸੀਐਨਐਨਐਸ ਆਦਿ) ਅਜੇ ਵੀ ਭਾਰਤ ਦੇ ਕੁਪੋਸ਼ਣ (17 ਫ਼ੀਸਦ ਦੁਰਬਲ, 35 ਫ਼ੀਸਦ ਵਾਧੇ ਵਿੱਚ ਰੋਕ, 33 ਫ਼ੀਸਦ ਘੱਟ ਭਾਰ) ਅਤੇ ਵੱਧ ਰਹੇ ਅਤਿ-ਭਾਰ ਅਤੇ ਮੋਟਾਪੇ ਦੇ ਵੱਧ ਰਹੇ ਵਜਨ ਨੂੰ ਦਰਸਾਉਂਦੇ ਹਨ, ਉਸ ਸਮੇਂ ਇਹ ਇੱਕ ਸਵਾਗਤਯੋਗ ਕਦਮ ਸੀ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਸ਼੍ਰੀ ਜੈਅਰ ਬੋਲਸੋਨਾਰੋ ਸਾਡੇ 71 ਵੇਂ ਗਣਤੰਤਰ ਦਿਵਸ ਵਾਸਤੇ ਭਾਰਤ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੋਸ਼ਣ ਭਾਈਚਾਰਾ ਇਸ ਬਾਰੇ ਇਸ ਕਾਰਨ ਉਤਸ਼ਾਹਿਤ ਸੀ ਕਿਉਂਕਿ ਬ੍ਰਾਜ਼ੀਲ ਆਪਣੀਆਂ ਸਟੰਟਿਗ ਦਰਾਂ ਨੂੰ 4 ਦਹਾਕਿਆਂ ਤੋਂ ਵੀ ਘੱਟ ਸਮੇਂ ਵਿੱਚ ਲਗਭਗ 55% ਤੋਂ ~ 6% ਦੇ ਆਸਪਾਸ ਤੱਕ ਘਟਾਉਣ ਵਿੱਚ ਕਾਮਯਾਬ ਰਿਹਾ ਹੈ।
ਇਸ ਤੋਂ ਇਲਾਵਾ, ਉਸ ਗਤੀ ਵਿਚ ਇਕ ਨਿਰੰਤਰ ਵੇਗ ਬਣਿਆ ਹੋਇਆ ਹੈ ਜਿਸ ਗਤੀ ਨਾਲ ਸਟੰਟਿਂਗ ਦਾ ਸ਼ਿਕਾਰ ਹੋਏ ਬੱਚਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਬ੍ਰਾਜ਼ੀਲ ਨੇ ਇਹ ਸਭ ਕਿਵੇਂ ਹਾਸਲ ਕੀਤਾ? ਬ੍ਰਾਜ਼ੀਲ ਨੇ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੀ ਸਟੰਟਿੰਗ ਦੇ ਮੂਲ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਤੇ ਇਸ ਬਾਬਤ ਪਛਾਣ ਕੀਤੇ ਗਏ ਮੁੱਖ ਕਾਰਕਾਂ ਵਿੱਚ ਪੋਸ਼ਟਿਕ ਖਾਣੇ ਤੱਕ ਪਰਿਆਪਤ ਪਹੁੰਚ ਨਾ ਹੋਣਾ, ਬੱਚਿਆਂ ਅਤੇ ਔਰਤਾਂ ਦੀ ਅਪ੍ਰਿਆਪਤ ਦੇਖਭਾਲ, ਨਾਕਾਫ਼ੀ ਸਿਹਤ ਸੇਵਾਵਾਂ ਅਤੇ ਇੱਕ ਗੈਰ-ਸਿਹਤ ਹਿਤਕਾਰੀ ਵਾਤਾਵਰਣ ਸ਼ਾਮਲ ਸਨ। ਕੀ ਇਹ ਗੱਲਾਂ ਤੁਹਾਡੇ ਕੰਨ ਖੜ੍ਹੇ ਕਰਦੀਆਂ ਹਨ? ਬੇਸ਼ੱਕ – ਭਾਰਤ ਵੀ ਇਨ੍ਹਾਂ ਚਿੰਤਾਵਾਂ ਤੇ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਹੰਢਾਉਂਦਾ ਹੈ।
ਹੁਣ, ਦੂਜੇ ਦੇਸ਼ਾਂ ਜਾਂ ਪ੍ਰਸਥਿਤੀਆਂ ਤੋਂ ਹੱਲ ਲੈਣਾ ਅਤੇ ਉਨ੍ਹਾਂ ਨੂੰ ਸਾਡੇ ਧਰਾਤਲ ’ਤੇ ਲਾਗੂ ਕਰਨਾ ਸਿੱਧਾ ਤੇ ਸੌਖਾ ਹਰਗਿਜ਼ ਨਹੀਂ ਹੋ ਸਕਦਾ। ਅਜਿਹੀ ਸਥਿਤੀ ਵਿੱਚ ਜਿਥੇ ਇੱਕ ਸਧਾਰਣ ‘ਕੱਟ ਕਾੱਪੀ ਪੇਸਟ’ ਵਾਲੀ ਪਹੁੰਚ ਇੱਕ ਡੈਂਪਨਰ ਸਾਬਿਤ ਹੋ ਸਕਦੀ ਹੈ, ਪਰ ਉਥੇ ਹੀ ਅਜਿਹੀ ਦਖਲਅੰਦਾਜ਼ੀ ਦਾ ਧਿਆਨ ਪੂਰਵਕ ਪ੍ਰਸੰਗੀਕਰਨ ਕੀਤਾ ਜਾਣਾ, ਬੇਹੱਦ ਮਦਦਗਾਰ ਵੀ ਸਾਬਿਤ ਹੋ ਸਕਦਾ ਹੈ।
ਮੈਂ ਇਸ ਲੇਖ ਤੋਂ ਕੀ ਚਾਹੁੰਦੀ ਹਾਂ? ਨਵਾਂ ਕੁਝ ਵੀ ਨਹੀਂ – ਪਰ ਸਰਕਾਰ ਦੇ "ਕੁਪੋਸ਼ਣ ਮੁਕਤ ਭਾਰਤ 2022" ਦੇ ਸੰਕਲਪ ਵਾਸਤੇ ਵਧੇਰੇ ਸ਼ਕਤੀ ਅਤੇ ਵਿਸਤਰਤ ਪਹੁੰਚ, ਮਤਲਬ ਇਹ ਕਿ ਸਭ ਤਰਾਂ ਦੇ ਕੁਪੋਸ਼ਣਾ ਦਾ ਸਦਾ ਦੇ ਲਈ ਜੜੋਂ ਪੁੱਟ ਬਾਹਰ ਸੁੱਟੇ ਜਾਣਾ। ਮੈਂ ਜੋ ਕੁਝ ਇੱਕ ਸੁਝਾਅ ਦੇ ਰਹੀ ਹਾਂ ਉਹ ਇਹ ਹਨ ਕਿ ਕੁਝ ਖੇਤਰ ਹਨ ਜਿਨ੍ਹਾਂ ਨੂੰ ਕੁਪੋਸ਼ਣ ਦੀਆਂ ਕਈ ਕਿਸਮਾਂ ਨਾਲ ਨਜਿੱਠਣ ਦੀਆਂ ਰਣਨੀਤੀਆਂ ਦਾ ਸਸ਼ਕਤੀਕਰਣ ਕੀਤੇ ਜਾਣ ਦੀ ਲੋੜ ਹੈ, ਤਾਂ ਜੋ ਸਾਡੀਆਂ ਕੁਪੋਸ਼ਣ ਦੀਆਂ ਵੱਖ ਵੱਖ ਕਿਸਮਾਂ ਨਾਲ ਸਿੱਜਣ ਦੀਆਂ ਜਾਰੀ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤੇ ਉਹਨਾਂ ਨੂੰ ਵਧੇਰੇ ਵਿਸਤਾਰ ਦਿੱਤਾ ਮਿਲ ਸਕੇ। ਸਾਡੀਆਂ ਚੱਲ ਰਹੀਆਂ ਕੋਸ਼ਿਸ਼ਾਂ ਵਿਚ ਅਸਲ ਈ-ਐਫ-ਐਫ-ਈ-ਸੀ-ਟੀ (E-F-F-E-C-T) ਨੂੰ ਵਧਾਉਣ / ਵਿਸਤਾਰ ਦੇਣ ਲਈ ਮਜ਼ਬੂਤ ਰਣਨੀਤੀਆਂ ਦੀ ਜ਼ਰੂਰਤ ਹੈ।
(ਓ) ਸਬੂਤ (EVIDENCE) – ਰੀਅਲ ਟਾਈਮ ਐਕਸ਼ਨ ਨੂੰ ਬਿਹਤਰ ਬਣਾਉਣ ਲਈ ਉੱਚ ਕੁਆਲਿਟੀ, ਨਿੱਗਰ ਡੇਟਾ ਇਕੱਠਾ ਕਰਨ ਦੇ ਸਾਧਨ, ਤਕਨੀਕਾਂ ਅਤੇ ਤਕਨਾਲੋਜੀ 'ਤੇ ਧਿਆਨ ਕੇਂਦ੍ਰਤ ਕਰਨ ਦੀ ਲੋੜ ਹੈ। ਪ੍ਰਭਾਵੀ ਨਿਗਰਾਨੀ ਅਤੇ ਮੁਲਾਂਕਣ ਪ੍ਰਕਿਰਿਆਵਾਂ ਨੂੰ ਵੀ ਇਸ ਦੀ ਸਥਾਨ ਪੂਰਤੀ ਕਰਨ ਅਤੇ ਸਹੀ ਦਿਸ਼ਾ ਵਿੱਚ ਕੰਮ ਕਰਨ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਤਾ ਦੀ ਜ਼ਰੂਰਤ ਹੋਏਗੀ।
(ਅ) ਭੋਜਨ ਪ੍ਰਣਾਲੀ (Food System) – ਇਹ ਇੱਕ ਸਿਹਤਮੰਦ ਆਬਾਦੀ ਹਾਸਿਲ ਕਰਨ ਦੀ ਸਭ ਤੋਂ ਮਹੱਤਵਪੂਰਣ ਕੜੀ ਹੈ। ਵਰਤਮਾਨ ਭੋਜਨ ਪ੍ਰਣਾਲੀ ਅਸਲ ਵਿੱਚ ਗੈਰ-ਸਿਹਤਮੰਦ ਉੱਚ ਚਰਬੀ ਵਾਲੇ, ਖੰਡ ਅਤੇ ਨਮਕ ਵਾਲੇ ਭੋਜਨ ਦੀ ਖਪਤ ਨੂੰ ਉਤਸਾਹਿਤ ਕਰ ਰਹੀ ਹੈ ਅਤੇ ਘਰੇਲੂ ਪਕਾਏ ਗਏ ਖਾਣੇ ਨੂੰ ਜੋ ਕਿ ਭਿੰਨ ਭਿੰਨ, ਤਾਜ਼ੇ, ਮੌਸਮੀ ਅਤੇ ਸਥਾਨਕ ਤੌਰ ਤੇ ਉਪਲਬਧ ਅਨਾਜ, ਸਬਜ਼ੀਆਂ ਅਤੇ ਫਲਾਂ ਨਾਲ ਤਿਆਰ ਹੁੰਦਾ ਹੈ, ਉਸ ਨੂੰ ਹੱਤ-ਉਤਸਾਹਤ ਕਰਦੀ ਹੈ। ਸਾਡੇ ਰਾਸ਼ਟਰੀ ਪੋਸ਼ਣ ਪ੍ਰੋਗਰਾਮਾਂ ਨੇ ਸੂਖਮ ਪੌਸ਼ਟਿਕ ਘਾਟਾਂ ਨੂੰ ਦੂਰ ਕਰਨ ਲਈ ਪੁਸ਼ਟ ਕੀਤੇ ਗਏ ਅਨਾਜਾਂ ਅਤੇ ਖੁਰਾਕਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਹੈ ਪਰ ਦੇਸੀ ਰਵਾਇਤੀ ਭੋਜਨ ਨੂੰ ਮੁੱੜ ਹਰਮਨ ਪਿਆਰਾ ਬਣਾਉਣਾ ਵਰਤੋਂ ਨੂੰ ਅੱਗੇ ਵਧਾਉਣਾ, ਖਾਸ ਤੌਰ 'ਤੇ ਸਾਡੇ ਛੋਟੇ ਬੱਚਿਆਂ ਦੇ ਵਿੱਚ, ਸਾਡੇ ਘਰਾਂ ਵਿੱਚ, ਤੇ ਰੋਜ਼ਾਨਾ ਸਾਡੀਆਂ ਖਾਣੇ ਦੀਆਂ ਪਲੇਟਾਂ ਵਿਚ ਵਿਭਿੰਨ ਭਾਰਤੀ ਭੋਜਨ ਸੂਚੀਆਂ (ਮੇਨੂੰਆਂ) ਨੂੰ ਵਾਪਸ ਲਿਆਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਵੇਗਾ।
(ੲ) ਵਿੱਤ – ਪੈਸੇ ਤੋਂ ਬਿਨਾਂ ਕੋਈ ਵੀ ਚੀਜ਼ ਕੰਮ ਨਹੀਂ ਕਰਦੀ! ਸਰਵਜਨਕ ਸਿਹਤ ਅਤੇ ਪੋਸ਼ਣ ਲਈ ਨਾ ਸਿਰਫ਼ ਨਿਰੰਤਰ ਪ੍ਰਾਥਮਕਤਾ ਫੰਡਿੰਗ ਅਤਿਅੰਤ ਮਹੱਤਵਪੂਰਣ ਹੈ, ਸਗੋਂ ਲੋਕਾਂ ਨੂੰ ਸਿਹਤਮੰਦ ਫ਼ੈਸਲੇ ਲੈਣ ਲਈ ਹੁਲਾਰਾ ਦੇਣ ਵਿੱਚ ਵਿੱਤੀ ਉਪਾਵਾਂ ਦੀ ਵਰਤੋਂ ਕਰਨਾ ਵੀ ਲਾਭਦਾਇਕ ਸਾਬਿਤ ਹੋਵੇਗਾ। ਬਿਹਤਰ ਢੰਗ ਨਾਲ ਘੜੀਆਂ ਹੋਈਆਂ, ਗਰੀਬ ਲੋਕਾਈ ਪੱਖੀ ਨੀਤੀਆਂ ਦੀ ਵਰਤੋਂ ਕਰਦਿਆਂ ਗਰੀਬੀ, ਲਿੰਗ- ਅਤੇ ਆਮਦਨੀ ਦੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਵੱਲ ਧਿਆਨ ਦੇਣਾ ਲਾਜ਼ਮੀ ਹੈ। ਸਰਕਾਰ ਦੁਆਰਾ ਇਸ ਸਬੰਧੀ ਲਗਾਤਾਰ ਯਤਨ ਤਾਂ ਕੀਤੇ ਜਾ ਰਹੇ ਹਨ, ਪਰ ਆਮਦਨ ਦੀ ਬਿਹਤਰ ਵੰਡ ਅਤੇ ਵਿਸਤ੍ਰਿਤ ਸਿਹਤ ਅਤੇ ਪੋਸ਼ਣ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਵਧਾਉਣ ਨੂੰ ਯਕੀਨੀ ਬਣਾਉਣਾ, ਹਕੀਕਤ ਦੇ ਵਿੱਚ ਸਾਡੀ ਆਬਾਦੀ ਦੇ ਹਾਸ਼ੀਆਗਤ ਭਾਗਾਂ ਵਿੱਚ ਸ਼ਮਾਂ ਰੌਸ਼ਨ ਕਰਨ ਦਾ ਕੰਮ ਕਰੇਗਾ। ਭ੍ਰਿਸ਼ਟਾਚਾਰ ਅਤੇ ਮਾੜੀ ਜਵਾਬਦੇਹੀ ਕਾਰਨ ਲਾਭਪਾਤਰੀ ਲੀਕੇਜਾਂ ਦੀ ਤੁਰੰਤ ਪਛਾਣ ਕੀਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।
(ਸ) ਲਾਜ਼ਮੀ ਸਤਨਪਾਨ ਕਰਾਉਣਾ ਅਤੇ IYCF ਅਮਲ – ਹਾਲਾਂਕਿ ਸਰਕਾਰ ਤੋਂ ਲਾਈਆਂ ਜਾਂਦੀਆਂ ਅਨੇਕਾਂ ਅਨੇਕ ਆਸਾਂ ਤੇ ਉਮੀਦਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ, ਪਰ ਆਦਰਸ਼ ਨਵਜਾਤ ਸ਼ਿੱਸ਼ੂਆਂ ਅਤੇ ਛੋਟੇ ਬੱਚਿਆਂ ਦੇ ਭਰਨ-ਪੋਸ਼ਣ ਵਿੱਚ ਵਿਅਕਤੀਗਤ ਜ਼ਿੰਮੇਵਾਰੀ ਦਾ ਵੀ ਹਿਸਾਬ ਲਾਇਆ ਜਾਣਾ ਚਾਹੀਦਾ ਹੈ। ਬੇਸ਼ਕ ਇੱਥੇ ਬਾਹਰੀ ਤੇ ਪਰਿਆਵਰਨਕ ਕਾਰਕ (ਪਰਿਵਾਰਕ ਗਤੀਸ਼ੀਲਤਾ, ਸਮਾਜਿਕ-ਆਰਥਿਕ ਸਥਿਤੀ, ਪਹੁੰਚ ਅਤੇ ਸਹੂਲਤ, ਸਹਾਇਕ ਕਾਰਜ ਨੀਤੀਆਂ ਆਦਿ) ਹਨ, ਜੋ ਕਿ ਅਮਲ ਨੂੰ ਪ੍ਰਭਾਵਿਤ ਕਰਦੇ ਹਨ। ਪਰ ਇਸ ਗੱਲ ਦਾ ਨਾ ਤਾਂ ਕੋਈ ਬਹਾਨਾ ਹੈ ਤੇ ਨਾ ਹੀ ਕੋਈ ਮੁਆਫ਼ੀ ਕਿ ਸਾਡੀ ਆਬਾਦੀ ਦੇ 2 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਿੱਚ ਉਹਨਾਂ ਬੱਚਿਆਂ ਦੀ ਗਿਣਤੀ, ਜਿਨ੍ਹਾਂ ਨੂੰ ਜਾਂ ਤਾਂ ਅਪ੍ਰਿਆਪਤ ਮਾਤਰਾ ਵਿੱਚ ਭੋਜਨ ਉਪਲਭਧ ਹੈ ਜਾਂ ਕੋਪੋਸ਼ਿਤ ਹਨ, 7 ਫ਼ੀਸਦ ਤੋਂ ਹਰਹਾਲ ਘੱਟ ਹੋਣੀ ਚਾਹੀਦੀ ਹੈ।
ਅਕਸਰ ਕੁਪੋਸ਼ਣ ਸ਼ੁਰੂਆਤੀ ਦਿਨਾਂ ਵਿੱਚ ਦਿਖਾਈ ਨਹੀਂ ਦਿੰਦੀ ਹੈ ਅਤੇ ਇਸ ਤਰ੍ਹਾਂ ਬਹੁਤ ਸਾਰੇ ਦੇਖਭਾਲ ਕਰਨ ਵਾਲਿਆਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਸ਼ਾਇਦ ਬੱਚੇ ਨੂੰ ਸਹੀ ਪੋਸ਼ਟਿਕ ਘਣਤਾ, ਵਿਭਿੰਨਤਾ, ਬਾਰੰਬਾਰਤਾ, ਮਾਤਰਾ ਆਦਿ ਵਿੱਚ ਨਹੀਂ ਖਵਾ ਰਹੇ ਹਨ। ਸਾਡੇ ਸਮਾਜ ਵਿੱਚ, ਆਮ ਤੌਰ ’ਤੇ ਬੱਚੇ ਨੂੰ ਨਿਰੋਲ ਸਤਨਪਾਨ ਕਰਵਾਇਆ ਜਾਣਾ ਬਹੁਤ ਜਲਦੀ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਪਯੁਕਤ ਪੂਰਕ ਭੋਜਨ ਕਾਫ਼ੀ ਦੇਰ ਨਾਲ ਸ਼ੁਰੂ ਕੀਤਾ ਜਾਂਦਾ ਹੈ। ਮੁੜ ਮੁੜ ਹੋਣ ਵਾਲੀਆਂ ਬਿਮਾਰੀਆਂ ਤੇ ਸੰਕ੍ਰਮਣਾਂ ਨੂੰ ਰੋਕਣ ਲਈ ਸਵੱਛ ਭੋਜਨ ਦੀ ਤਿਆਰੀ, ਸਾਫ ਆਲਾ ਦੁਆਲਾ ਅਤੇ ਸਮੇਂ ਸਿਰ ਟੀਕਾਕਰਣ ਵੀ ਬੇਹਦ ਮਹੱਤਵਪੂਰਨ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਪਹਿਲੇ 1000 ਦਿਨਾਂ ਵਿਚ ਹੋਣ ਵਾਲੇ ਨੁਕਸਾਨ ਨੂੰ (ਖ਼ਾਸਕਰ ਸਮੁੱਚੇ ਵਿਕਾਸ ਅਤੇ ਦਿਮਾਗ ਦੇ ਵਿਕਾਸ ਨੂੰ) ਕੁਝ ਜ਼ਿਆਦਾ ਹੱਦ ਤੱਕ ਦਰੁਸਤ ਨਹੀਂ ਕੀਤਾ ਜਾ ਸਕਦਾ।
ਇਸ ਭਰਨ ਪੋਸ਼ਣ ਵਾਲੇ ਮਾਮਲੇ ਦੇ ਸੰਦਰਭ ਵਿੱਚ ਇਕ ਹੋਰ ਅਹਿਮ ਮੁੱਦਾ ਹੈ ਕਿ ਭੁੱਖ ਅਤੇ ਕੁਪੋਸ਼ਣ ਦੇ ਖਾਤਮੇ ਲਈ ਅਸੀਂ ਵਕਤ ਵਕਤ ’ਤੇ ਤੁਰਤ-ਫ਼ੁਰਤ ਅਤੇ ਗੈਰ-ਦੂਰਅੰਦੇਸ਼ੀ ਵਾਲੇ ਢੰਗ ਤਰੀਕਿਆਂ ਨੂੰ ਇਸਤੇਮਾਲ ਕਰਦੇ ਰਹਿੰਦੇ ਹਾਂ, ਜੋ ਕਿ ਹਰਗਿਜ਼ ਠੀਕ ਨਹੀਂ ਹੈ। ਇਕੱਲੇ ਅਨਾਜਾਂ ’ਤੇ ਸਬਸਿੱਡੀ ਦੇਣਾ (ਨੈਸ਼ਨਲ ਫੂਡ ਸਿਕਉਰਟੀ ਐਕਟ ਦੇ ਤਹਿਤ) ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ (ਘਰਾਂ ਦੇ ਖਾਣੇ, ਮਿਡ-ਡੇਅ ਮੀਲ, ਆਂਗਣਵਾੜੀ ਖਾਣਾ ਆਦਿ) ਮੁਹੱਈਆ ਕਰਾਉਣ ਨਾਲ ਅਸੀਂ SAM ਗ੍ਰਸਤ ਬੱਚਿਆਂ ਦੇ ਵਿੱਚ ਵਿੱਚ ਤਾਂ ਭਾਵੇਂ ਕਮੀ ਲਿਆ ਸਕਦੇ ਹਾਂ, ਪਰ ਯਕੀਨਨ ਇਉਂ ਕਰ ਅਸੀਂ ਉਨ੍ਹਾਂ ਨੂੰ ਜਲਦੀ ਹੀ ਗੈਰ ਸੰਚਾਰੀ ਬਿਮਾਰੀਆਂ (NCDs) ਦੇ ਸ਼ਿਕਾਰ ਬਣਨ ਵਾਲੇ ਪਾਸੇ ਧੱਕ ਰਹੇ ਹਾਂ। ਸਾਨੂੰ ਇਸ ਗੱਲ ਨੂੰ ਲੈ ਕੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਕੁਪੋਸ਼ਣ ਦੇ ਇਕ ਰੂਪ ’ਚੋਂ ਕੱਢ ਕੇ ਦੂਸਰੀ ਕਿਸਮ ਵਾਲੇ ਕੁਪੋਸ਼ਨ ਦੇ ਪਾਸੇ ਨਾ ਲੈ ਜਾਈਏ। ਕੁਝ ਰਾਜਾਂ ਵਿੱਚ ਫਲ, ਹਰੀਆਂ ਪੱਤੇਦਾਰ ਸਬਜ਼ੀਆਂ, ਅੰਡੇ ਅਤੇ ਦਾਲਾਂ ਦੀ ਸ਼ੁਰੂਆਤ ਹੋਣ ਕਾਰਨ ਕੁਝ ਸੁਧਾਰ ਵੇਖਣ ਨੂੰ ਮਿਲ ਰਹੇ ਹਨ ਪਰ ਇਸ ਵਿੱਚ ਹੋਰ ਤੋਜ਼ੀ ਲਿਆਏ ਜਾਣ ਦੀ ਜ਼ਰੂਰਤ ਹੈ।
(ਹ) ਸੰਮਿਲਨ ਅਤੇ ਸਮਰੱਥਾ ਨਿਰਮਾਣ – ਕੁਪੋਸ਼ਣ ਨੂੰ ਦੀ ਪਹੇਲੀ ਨੂੰ ਹੱਲ ਕਰਨ ਦਾ ਇੱਕ ਮਹੱਤਵਪੂਰਣ ਅੰਗ, ਉਹਨਾਂ ਹੋਰਨਾਂ ਸੈਕਟਰਾਂ ਵਿੱਚ ਦਰਕਾਰ ਨਿੱਗਰ ਇਕਸਾਰਤਾ ਤੇ ਠੋਸ ਸੰਪੂਰਨਤਾ ਹੈ ਜੋ ਪੌਸ਼ਟਿਕਤਾ ਦੇ ਅਮਲ ਨੂੰ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਪਾਣੀ, ਸੈਨੀਟੇਸ਼ਨ, ਰੁਜ਼ਗਾਰ, ਸਿੱਖਿਆ, ਇਸ਼ਤਿਹਾਰਬਾਜ਼ੀ, ਟੀਕਾਕਰਨ, ਖੇਤੀਬਾੜੀ, ਵਾਤਾਵਰਣ ਆਦਿ। ਪੋਸ਼ਣ ਦਰਅਸਲ ਵਿੱਚ ਅਨੇਕਾਂ ਪ੍ਰਦੇਸ਼ਾਂ ਅਤੇ ਖੇਤਰਾਂ ਵਿੱਚਲੇ ਵਿੱਚ ਅਨੇਕਾਂ ਅਨੇਕ ਹਿੱਤ-ਧਾਰਕਾਂ ਵਿਚਾਲੇ ਉਹਨਾਂ ਤੋਂ ਏਕੀਕ੍ਰਿਤ / ਲਾਭ ਦੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਉਣ ਵਾਸਤੇ ਇੱਕ ਹੁੱਕ ਦੇ ਤੌਰ ਤੇ ਕੰਮ ਕਰਦਾ ਹੈ।
ਸਾਂਝੀ ਮਾਲਕੀਅਤ ਅਤੇ ਜਵਾਬਦੇਹੀ, ਦਰੁਸਤ, ਨਿਰਵਿਘਨ ਕਾਰਵਾਈ ਲਈ ਸਮਾਂ-ਬੱਧ ਲੌਜਿਸਟਿਕਸ ਦੀ ਯੋਜਨਾਬੰਦੀ ਅਤੇ ਖੁੱਲ੍ਹੇ ਦਿਲ ਦੀ ਪ੍ਰਵਾਨਗੀ, ਪ੍ਰੋਤਸਾਹਨ ਆਦਿ ਬਹੁਤ ਹੱਦ ਤੱਕ ਮੱਦਦਗਾਰ ਸਾਬਿਤ ਹੋ ਸਕਦੇ ਹਨ। ਸਮਰੱਥਾ ਦੀਆਂ ਘਾਟਾਂ ਨਾਲ ਨਜਿੱਠਣ ਲਈ, ਖਾਲੀ ਅਸਾਮੀਆਂ ਨੂੰ ਭਰਨਾ, ਭਰਤੀ ਵਿਚ ਹੁੰਦੀ ਦੇਰੀ ਤੋਂ ਬਚਣਾ, ਸਮੇਂ ਅਨੁਸਾਰ ਤਰੱਕੀ, ਕਾਰਜਕੁਸ਼ਲਤਾ ਵਧਾਉਣ ਲਈ ਥੋੜ੍ਹੇ ਸਮੇਂ ਦੀ ਸਿਖਲਾਈ ਆਦਿ ਲਾਭਦਾਇਕ ਸ਼ੁਰੂਆਤੀ ਬਿੰਦੂ ਹੋ ਸਕਦੇ ਹਨ। ਸੰਮਿਲਤ ਅਤੇ ਕਪੈਸੀਟਿਡ ਸਟਾਫ ਸਿਸਟਮ ਦੀਆਂ ਅਯੋਗਤਾਵਾਂ ਨੂੰ ਵੀ ਦੂਰ ਕਰ ਸਕਦਾ ਹੈ - ਦਿਮਾਗੀ ਫ਼ੁਰਨਿਆਂ ਦੁਆਰਾ ਸਥਾਨਕ ਸਮੱਸਿਆਵਾਂ ਲਈ ਸਥਾਨਕ ਹੱਲ ਤਿਆਰ ਕਰ ਸਕਦਾ ਹੈ, ਸਟਾਫ ਦੇ ਮਨੋਬਲ ਨੂੰ ਬੁਲੰਦ ਰੱਖ ਸਕਦਾ ਹੈ, ਦੁਹਰਾਉਣ ਵਾਲੇ ਕੰਮਾਂ ਤੋਂ ਬਚਣ ਅਤੇ ਮੂਹਰਲੀ ਕਤਾਰ ਦੇ ਕਰਮਚਾਰੀਆਂ ਦੀ ਜਵਾਬਦੇਹੀ ਨੂੰ ਜ਼ਿਆਦਾ ਲੋਕਾਂ ਵਿੱਚ ਵੰਡਣ ਤੋਂ ਬਚਾ ਸਕਦਾ ਹੈ। ਅਧਿਐਨ ਦਸਤਾਵੇਜਾਂ ਦੇ ਮੁਤਾਬਿਕ ਜੋ ਕਿ AWW ਦਾ ਪ੍ਰੀਸਕੂਲ ਦੀ ਪੜ੍ਹਾਈ ਅਤੇ ਸਲਾਹ-ਮਸ਼ਵਰੇ ਦਾ ਸਮਾਂ ਦਸਤਾਵੇਜ਼ੀ ਕੰਮਾਂ (ਦੁਹਰਾਉ ਵਾਲੀਆਂ ਐਂਟਰੀਆਂ, ਰਿਪੋਰਟਾਂ ਬਣਾਉਣ, ਆਦਿ) ਦੇ ਕਾਰਨ ਘੱਟ ਕੇ ਤਸੱਵਰ ਕੀਤੀ ਗਏ ਸਮੇਂ ਦੀ ਮਹਿਜ਼ ਇੱਕ ਚੌਥਾਈ ਤੱਕ ਰਹਿ ਗਿਆ ਹੈ।
(ਕ) ਪੋਸ਼ਣ ਦੀ ਬਿਹਤਰੀ ਲਈ ਅਮਲ ਦੇ ਸਬੂਤਾਂ ਨੂੰ ਰੂਪਾਂਤਰਿਤ ਕਰਨ ਲਈ ਟੈਕਨੋਲੋਜੀ – ਟੈਕਨੋਲੋਜੀ ਸਚਮੁੱਚ ਹੀ ਸਰਕਾਰ ਦੇ ਅਤੇ ਵਿਅਕਤੀਗਤ ਪੱਧਰ ਦੋਵਾਂ ’ਤੇ ਹੀ ਪੋਸ਼ਣ ਵਰਗੇ ਸੈਕਟਰ ਵਿੱਚ ਵਿਕਾਸ ਅਤੇ ਉੱਨਤੀ ਨੂੰ ਤੇਜ਼ ਰਫਤਾਰ ਅਦਾ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। ਇੱਕ ਪਾਸੇ, ਟੈਕਨੋਲੋਜੀ ਲੋਕਾਂ ਨੂੰ ਇਸ ਗੱਲ ਦੇ ਯੋਗ ਬਣਾਉਂਦੀ ਹੈ ਕਿ ਉਹ ਬਿਹਤਰ ਅਤੇ ਸੁਲਝੇ ਹੋਏ ਫ਼ੈਸਲੇ ਲੈ ਸਕਣ; ਦੂਜੇ ਪਾਸੇ ਇਹ ਨੀਤੀ ਨਿਰਮਾਤਾਵਾਂ ਨੂੰ ਜਨ ਅੰਦੋਲਨ ਅਤੇ ਭਾਗੀਦਾਰ ਮਾਲਕੀਅਤ ਨੂੰ ਸਫ਼ੂਰਤ ਕਰਨ ਲਈ ਸਮਾਜਿਕ ਹਮਾਇਤ ਅਤੇ ਸਮਰਥਨ ਲਈ ਸੋਸ਼ਲ ਮੀਡੀਆ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਹ ਲਾਜ਼ਮੀ ਹੈ ਕਿ ਅਸੀਂ ਉੱਚ ਗੁਣਵੱਤਾ ਵਾਲੀ ਟੈਕਨਾਲੋਜੀ-ਸਮਰਥਿਤ ਦਖਲਅੰਦਾਜ਼ੀ ਵਿਚ ਨਿਵੇਸ਼ ਕਰੀਏ ਜੋ ਵਿਵਹਾਰ ਤਬਦੀਲੀ ਨੂੰ ਸਕਾਰਾਤਮਕ ਤੌਰ ਤੇ ਪ੍ਰਭਾਵਤ ਕਰਦੇ ਹਨ। ਆਧੁਨਿਕ ਉਪਕਰਣਾਂ ਨੂੰ ਗਿਆਨ ਨੂੰ ਅਮਲ ਵਿਚ ਤਬਦੀਲ ਕਰਨ ਦੇ ਕਾਰਜ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਅਮਲ ਇੱਤ ਨਿਰੰਤਰ ਅਭਿਆਸ ਜਾਂ ਲੋਕਾਈ ਵਾਸਤੇ ਇੱਕ ਜੀਵਨ ਜਾਚ ਬਣ ਜਾਵੇ।
ਜੇਕਰ ਸਹੀ ਦਿਸ਼ਾ ਵਿੱਚ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ, ਤਾਂ ਅਸਲ ਅਸਰ ਯਕੀਨਨ ਦੇਰ ਜਾਂ ਸਵੇਰ ਦ੍ਰਿਸ਼ਮਾਨ ਹੋਵੇਗਾ। ਭਾਰਤ, ਦੁਨੀਆਂ ਦੇ ਉਹਨਾਂ ਥੋੜੇ ਦੇਸ਼ਾਂ ’ਚ ਸ਼ੁਮਾਰ ਹੈ ਜੋ ਲਗਭਗ ਸਾਰੇ ਉਮਰ ਸਮੂਹਾਂ ਲਈ ਜਨਤਕ ਪੋਸ਼ਣ ਸੰਬੰਧੀ ਪ੍ਰੋਗਰਾਮਾਂ ਅਤੇ ਨੀਤੀਆਂ ਦੇ ਇਕ ਵਿਸ਼ਾਲ ਅਤੇ ਭਿੰਨ ਭਿੰਨ ਸਮੂਹਾਂ ਦੀ ਗੱਲ ਕਰ ਸਕਦੇ ਹਨ। ਹਾਲਾਂਕਿ, ਕਠੋਰ ਪ੍ਰਕਿਰਿਆਵਾਂ ਵਿਚ ਸੁਧਾਰ ਹੋਣ ਨਾਲ, ਕੁਪੋਸ਼ਣ ਦੇ ਸਾਰੇ ਰੂਪਾਂ ਦੇ ਵਿਰੁੱਧ ਅਮਲ ਨੂੰ ਤੀਬਰ ਕਰਨ ਲਈ ਸਾਰੇ ਸਟੇਕਹੋਲਡਰਾਂ ਦੀ ਊਰਜਾ ਦਾ ਸਫ਼ੂਰਤੀਕਰਨ ਅਤੇ ਉਹਨਾਂ ਦੇ ਮਨੋਬਲ ਦਾ ਪੁਨਰ-ਦ੍ਰਿੜੀਕਰਨ, ਨਵੀਨਤਾਕਾਰੀ ਵਿਚਾਰਾਂ ਅਤੇ ਸਮੂਹਿਕ ਬਲ ਸਾਨੂੰ ਆਪਣਾ ਕਾਰਜ ਸਿੱਧ ਕਰਨ ਲਈ ਮਦਦ ਵੀ ਮੁਹੱਈਆ ਕਰਵਾ ਸਕਦੇ ਹਨ।
ਲੇਖਕ: ਸ਼ਵੇਤਾ ਖੰਡੇਲਵਾਲ, ਮੁਖੀ, ਨਿਊਟਰੀਸ਼ਨ ਰਿਸਰਚ ਅਤੇ ਅਡੀਸ਼ਨਲ ਪ੍ਰੋਫ਼ੈਸਰ, ਪਬਲਿਕ ਹੈਲਥ ਫ਼ਾਊਂਡੇਸ਼ਨ ਆਫ਼ ਇੰਡੀਆ। ਵਿਚਾਰ ਲੇਖਕ ਦੇ ਨਿੱਜੀ ਹਨ।