ਨਵੀਂ ਦਿੱਲੀ: ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰਵਾਈ ਹੈ ਜਿਸ ਵਿੱਚ ਉਸ ਨੇ ਆਪਣੀ ਅਤੇ ਰਿਸ਼ਤੇਦਾਰਾਂ ਦੀ ਜਾਇਦਾਦ ਦੀ ਕੁਰਕੀ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਵਿੱਚ ਹੋਣੀ ਸੀ ਜੋ ਕਿ 2 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਲਿਆ ਨੇ ਇਸ ਸਬੰਧ 'ਚ ਬੰਬੇ ਹਾਈ ਕੋਰਟ 'ਚ ਵੀ ਪਟੀਸ਼ਨ ਪਾਈ ਸੀ ਜੋ ਕਿ 11 ਜੁਲਾਈ ਨੂੰ ਖ਼ਾਰਜ ਕਰ ਦਿੱਤੀ ਗਈ। ਮਾਲਿਆ ਨੇ ਅਪੀਲ ਕੀਤੀ ਸੀ ਕਿ ਸਰਕਾਰੀ ਏਜੰਸੀਆਂ ਨੂੰ ਉਸ ਦੇ ਜਾਂ ਜਾਇਦਾਦਾਂ ਵਿਰੁੱਧ ਕਾਰਵਾਈ ਕਰਨ ਤੋਂ ਉਦੋਂ ਤੱਕ ਰੋਕਿਆ ਜਾਵੇ ਜਦੋਂ ਤੱਕ ਇਹ ਭਗੌੜਾ ਆਰਥਿਕ ਦੋਸ਼ੀ ਐਲਾਨੇ ਜਾਣ ਦੇ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਨਾ ਆਵੇ।
ਵਿਜੇ ਮਾਲਿਆ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤੀ ਪਟੀਸ਼ਨ ਵਿੱਚ ਕਿਹਾ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਦੀ ਜਾਇਦਾਦ ਤੋਂ ਇਲਾਵਾ ਦੂਜੀ ਜਾਇਦਾਦ ਕੁਰਕ ਨਹੀਂ ਹੋਣੀ ਚਾਹੀਦੀ ਕਿਉਂਕਿ ਕਥਿਤ ਬੇਨਿਯਮੀਆਂ ਦਾ ਦੋਸ਼ ਕਿੰਗਫਿਸ਼ਰ 'ਤੇ ਹੈ। ਜੇ ਕਾਰਵਾਈ ਕਰਨੀ ਹੈ ਤਾਂ ਸਿਰਫ਼ ਕਿੰਗਫਿਸ਼ਰ ਤੋਂ ਜੁੜੀ ਜਾਇਦਾਦ ਦੀ ਕੁਰਕੀ ਕੀਤੀ ਜਾਵੇ। ਉਸ ਦੀ ਨਿੱਜੀ ਅਤੇ ਪਰਿਵਾਰਕ ਜਾਇਦਾਦ 'ਤੇ ਕਾਰਵਾਈ ਨਾ ਕੀਤੀ ਜਾਵੇ।