ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਪੁਰਸ਼ਾਂ ਵਿੱਚ ਭਾਰਤ ਵਿੱਚ ਕੋਰੋਨਾ ਦੇ 63% ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਬ੍ਰਿਟੇਨ ਤੋਂ ਵਾਪਸ ਆਏ 6 ਪੀੜਤ ਲੋਕਾਂ ਵਿੱਚ ਕੋਰੋਨਾ ਸਟ੍ਰੇਨ ਪਾਇਆ ਗਿਆ ਹੈ। ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੇ ਰਾਘਵਨ ਨੇ ਕਿਹਾ ਕਿ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਵਿਕਸਤ ਕੀਤੇ ਜਾ ਰਹੇ ਟੀਕੇ ਯੂਕੇ ਅਤੇ ਦੱਖਣੀ ਅਫ਼ਰੀਕਾ ਵਿੱਚ ਪਾਈਆਂ ਜਾਣ ਵਾਲੀਆਂ ਕੋਰੋਨਾ ਦੀਆਂ ਨਵੀਆਂ ਕਿਸਮਾਂ ਦੇ ਵਿਰੁੱਧ ਵੀ ਕੰਮ ਕਰਨਗੀਆਂ।
ਕੋਰੋਨਾ ਦੇ ਘੱਟ ਰਹੇ ਨੇ ਮਾਮਲੇ
ਇਸ ਤੋਂ ਪਹਿਲਾਂ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦੇਸ਼ ਵਿੱਚ ਸਰਗਰਮ ਮਾਮਲੇ 2.7 ਲੱਖ ਤੋਂ ਘੱਟ ਹਨ ਅਤੇ ਇਹ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਦੇਸ਼ ਵਿੱਚ ਸਕਾਰਾਤਮਕ ਦਰ ਸਿਰਫ਼ 2.25% ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ (ਯੂਕੇ ਵੈਰਿਅਨਟ) ਦੀ ਖ਼ਬਰ ਆਉਣ ਤੋਂ ਪਹਿਲਾਂ, ਅਸੀਂ ਪ੍ਰਯੋਗਸ਼ਾਲਾਵਾਂ ਵਿੱਚ ਲਗਭਗ 5,000 ਜੀਨੋਮ ਕ੍ਰਮਵਾਰ ਕੀਤੇ ਸਨ।
ਨਵੇਂ ਕੋਰੋਨਾ ਸਟ੍ਰੇਨ ਉੱਤੇ ਕੇਂਦਰ ਦੀ ਪਹਿਲਕਦਮੀ
ਕੋਰੋਨਾ ਸਟ੍ਰੇਨ 'ਤੇ ਕੇਂਦਰ ਸਰਕਾਰ ਦੀ ਪਹਿਲਕਦਮੀ ਬਾਰੇ, ਰਾਜੇਸ਼ ਭੂਸ਼ਣ ਨੇ ਕਿਹਾ ਕਿ ਹੁਣ ਅਸੀਂ ਜੀਨੋਮ ਕ੍ਰਮਾਂ ਦੀ ਸੰਖਿਆ ਵਿੱਚ ਬਹੁਤ ਵਾਧਾ ਕਰਾਂਗੇ ਅਤੇ ਤਾਲਮੇਲ ਨਾਲ ਕੰਮ ਕਰਾਂਗੇ। ਕੇਂਦਰ ਦੇ ਸਿਹਤ ਸਕੱਤਰ ਨੇ ਕਿਹਾ ਕਿ ਜੇ ਅਸੀਂ ਲਿੰਗ ਦੇ ਅਧਾਰ 'ਤੇ ਕੋਵਿਡ -19 ਮਾਮਲਿਆਂ ਦਾ ਵਿਸ਼ਲੇਸ਼ਣ ਕਰੀਏ, ਤਾਂ ਪੁਰਸ਼ਾਂ ਵਿੱਚ ਕੁੱਲ ਕੇਸਾਂ ਵਿਚੋਂ 63% ਅਤੇ ਮਹਿਲਾਵਾਂ ਵਿੱਚ 37% ਸਾਹਮਣੇ ਆਏ ਹਨ।
ਉਮਰ ਦੇ ਆਧਾਰ ਤੇ ਕੋਰੋਨਾ ਮਾਮਲੇ
ਉਮਰ ਸੰਬੰਧੀ ਵੇਰਵੇ ਦਿੰਦਿਆਂ ਸਿਹਤ ਸਕੱਤਰ ਨੇ ਕਿਹਾ ਕਿ 8% ਮਾਮਲਿਆਂ ਵਿੱਚ, 17 ਸਾਲ ਤੋਂ ਘੱਟ ਉਮਰ ਦੇ ਲੋਕ ਸੰਕਰਮਿਤ ਹੋਏ ਹਨ। 18-25 ਸਾਲ ਦੀ ਉਮਰ ਸਮੂਹ ਦੇ 13% ਲੋਕ ਸੰਕਰਮਿਤ ਹੋਏ ਹਨ।
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ 26-44 ਸਾਲ ਦੀ ਉਮਰ ਸਮੂਹ ਵਿੱਚ 39% ਲੋਕ ਕੋਰੋਨਾ ਵਿੱਚ ਸੰਕਰਮਿਤ ਪਾਏ ਗਏ ਹਨ, ਜਦੋਂ ਕਿ 45-60 ਸਾਲ ਦੇ ਸਮੂਹ ਵਿੱਚ 26% ਅਤੇ 60 ਸਾਲ ਤੋਂ ਉਪਰ ਦੀ ਉਮਰ ਦੇ 14% ਦੀ ਰਿਪੋਰਟ ਕੋਰੋਨਾ ਸਕਾਰਾਤਮਕ ਆਈ ਹੈ।
ਕੇਂਦਰ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਦੇਸ਼ ਵਿੱਚ ਸਰਗਰਮ ਮਾਮਲੇ ਲਗਾਤਾਰ ਘੱਟ ਰਹੇ ਹਨ, ਉਨ੍ਹਾਂ ਦੀ ਗਿਣਤੀ ਇਸ ਵੇਲੇ 2,70,000 ਤੋਂ ਵੀ ਘੱਟ ਹੈ। ਸਾਡੇ ਦੇਸ਼ ਵਿੱਚ ਸਕਾਰਾਤਮਕ ਦਰ 6% ਹੈ,ਪਿਛਲੇ ਇਕ ਹਫ਼ਤੇ ਦੀ ਸਕਾਰਾਤਮਕ ਦਰ 2.25% ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਤੀ 10 ਲੱਖ ਆਬਾਦੀ ’ਤੇ 7408 ਕੋਵਿਡ -19 ਕੇਸ ਦਰਜ ਕੀਤੇ ਗਏ ਹਨ। ਸਾਡੀ ਪ੍ਰਤੀ 10 ਲੱਖ ਆਬਾਦੀ ਵਿਚ 107 ਮੌਤਾਂ ਦਰਜ਼ ਕੀਤੀਆਂ ਗਈਆਂ ਹਨ। ਦੇਸ਼ ਦੇ 60% ਤੋਂ ਵੱਧ ਮੌਜੂਦਾ ਕੇਸ 5 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ। ਤਕਰੀਬਨ 24% ਕੇਸ ਕੇਰਲਾ ਵਿੱਚ, 21% ਮਹਾਰਾਸ਼ਟਰ ਵਿੱਚ, 5% ਤੋਂ ਵੱਧ ਪੱਛਮੀ ਬੰਗਾਲ ਵਿੱਚ, ਲਗਭਗ 5% ਉੱਤਰ ਪ੍ਰਦੇਸ਼ ਵਿੱਚ ਅਤੇ 4.83% ਛੱਤੀਸਗੜ੍ਹ ਵਿੱਚ ਹਨ।