ਪੰਚਕੁਲਾ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸਰਕਾਰੀ ਦਫ਼ਤਰਾਂ ਸਣੇ ਕਈ ਨੇਤਾਵਾਂ ਦੇ ਘਰ ਵੀ ਕੋਰੋਨਾ ਦਸਤਕ ਦੇ ਚੁੱਕਾ ਹੈ। ਪਿਛਲੇ ਕੁੱਝ ਸਮੇਂ ਵਿੱਚ ਕਈ ਵੱਡੇ ਨੇਤਾ ਕੋਰੋਨਾ ਪੀੜਤ ਪਾਏ ਗਏ ਹਨ। ਹੁਣ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਐਤਵਾਰ ਨੂੰ ਗਿਆਨਚੰਦ ਗੁਪਤਾ ਦੇ ਪੀਏ, ਜੋ ਉਨ੍ਹਾਂ ਦੇ ਭਾਣਜੇ ਵੀ ਹਨ, ਸਣੇ ਵਿਧਾਨ ਸਭਾ ਦੇ 6 ਕਰਮਚਾਰੀ ਕੋਰੋਨਾ ਪੌਜ਼ੀਟਿਵ ਮਿਲੇ ਸਨ। ਜਿਸ ਤੋਂ ਬਾਅਦ ਉਨ੍ਹਾਂ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ ਜੋ ਕਿ ਪੌਜ਼ੀਟਿਵ ਆਇਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਟਵੀਟ ਕਰ ਦਿੱਤੀ ਸੀ।
ਦੱਸਣਯੋਗ ਹੈ ਕਿ 24 ਅਗਸਤ ਨੂੰ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਅਤੇ ਸੈਸ਼ਨ ਦੇ ਮੱਦੇਨਜ਼ਰ ਗਿਆਨਚੰਦ ਗੁਪਤਾ ਦੇ ਆਦੇਸ਼ਾਂ 'ਤੇ ਸਾਰਿਆਂ ਵਿਧਾਇਕਾਂ ਅਤੇ ਸਟਾਫ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸੇ ਵਿਚਕਾਰ ਗੁਪਤਾ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਪੰਚਕੁਲਾ ਸਿਵਲ ਹਸਪਤਾਲ ਦੇ ਸੀਐਮਓ ਡਾ. ਜਸਜੀਤ ਕੌਰ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਸੀਐਮਓ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹਨ, ਉਨ੍ਹਾਂ ਦੀ ਸਥਿਤੀ ਸਥਿਰ ਹੈ ਅਤੇ ਉਹ ਆਈਸੋਲੇਸ਼ਨ ਵਿੱਚ ਹਨ।