ਚੰਡੀਗੜ੍ਹ: ਸੰਸਦ ਦੇ ਦੋਹਾਂ ਸਦਨਾਂ ਵਿੱਚ ਪਾਸ ਕੀਤੇ ਜਾਣ ਵਾਲੇ ਤਿੰਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੀ ਧੀ ਨੇ ਆਪਣੇ ਸੂਬੇ ਦੇ ਕਿਸਾਨਾਂ ਲਈ ਅਸਤੀਫ਼ਾ ਦਿੱਤਾ ਹੈ ਜਿਨ੍ਹਾਂ ਦੀ ਬਦੌਲਤ ਉਹ ਪਾਰਲੀਮੈਂਟ ਤੱਕ ਪਹੁੰਚੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਲਗਾਤਾਰ ਬੈਠਕਾਂ ਕਰਕੇ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਦੀ ਗੱਲ ਕਹੀ ਜਾ ਰਹੀ ਸੀ ਪਰ ਕੇਂਦਰ ਸਰਕਾਰ ਭਾਵੇਂ ਬਿੱਲ ਕਿਸਾਨਾਂ ਦੇ ਹੱਕ 'ਚ ਹੋਣ ਦੀ ਗੱਲ ਕਰਦੇ ਹੋਣ ਪਰ ਕਿਸਾਨਾਂ ਦੀ ਸ਼ੰਕਾ ਕੇਂਦਰ ਦੀ ਸਰਕਾਰ ਦੂਰ ਨਹੀਂ ਕਰ ਸਕੀ। ਇਸ ਦੇ ਨਾਲ ਹੀ ਬਹੁਮਤ ਨਾਲ ਪਾਸ ਕਰਨ ਤੋ ਬਾਅਦ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਗਿਆ ਤੇ ਆਪਣੀ ਸਰਕਾਰ ਖ਼ਿਲਾਫ਼ ਕਿਸਾਨ, ਮਜ਼ਦੂਰ, ਆੜਤੀਆਂ ਦੀ ਆਵਾਜ਼ ਬਣ ਕੇ ਬਿੱਲਾਂ ਦੇ ਵਿਰੋਧ ਵਿੱਚ ਵੋਟ ਪਾਈ।
ਕੈਪਟਨ ਨੇ 2017 ਵਿੱਚ ਕਰ ਦਿੱਤੇ ਸਨ ਬਿੱਲ ਲਾਗੂ
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 2017 'ਚ ਹੀ ਕਾਂਗਰਸ ਨੇ ਅਜਿਹੇ ਕਾਨੂੰਨ ਸੂਬੇ 'ਚ ਲਾਗੂ ਕਰ ਦਿੱਤੇ ਸਨ ਅਤੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਜਦਕਿ ਮੁੱਖ ਮੰਤਰੀ ਨੇ ਪ੍ਰਾਈਵੇਟ ਮੰਡੀਆਂ ਦਾ ਐਕਟ ਪਾਸ ਕੀਤਾ ਹੈ ਤੇ ਖ਼ੁਦ ਕਿਸਾਨ ਹਿਤੈਸ਼ੀ ਬਣਨ ਦਾ ਢੌਂਗ ਕਰ ਰਹੇ ਹਨ, ਕੈਪਟਨ ਕਿਸਾਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ।
ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿਚ ਇਸ ਐਕਟ ਨੂੰ ਲੈ ਕੇ ਰੋਸ ਹੈ ਤੇ ਸਾਰੀਆਂ ਪਾਰਟੀਆਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਹਰਿਆਣਾ ਬੀਜੇਪੀ ਨਾਲ ਜੇਜੇਪੀ ਗਠਜੋੜ ਸਰਕਾਰ ਦੇ ਲੀਡਰ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਬੰਧੀ ਸਵਾਲ 'ਤੇ ਬਾਦਲ ਨੇ ਕਿਹਾ ਕਿ ਚੌਟਾਲਾ ਇਸ ਬਾਰੇ ਖ਼ੁਦ ਜਵਾਬ ਦੇਣਗੇ
ਇੱਥੇ ਤੁਹਾਨੂੰ ਦੱਸ ਦਈਏ, ਕਿ ਪਿਛਲੇ ਦਿਨਾਂ ਤੋਂ ਕਿਸਾਨ ਸਰਕਾਰ ਵੱਲੋਂ ਪਾਸ ਕੀਤੇ ਗਏ 3 ਆਰਡੀਨੈਂਸਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਕਿਸਾਨਾਂ ਤੇ ਕਈ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਵੀ ਸੰਸਦ ਵਿੱਚ 2 ਬਿੱਲ, ਭਾਵ ਕਿ ਕਿਸਾਨ ਵਪਾਰ ਵਣਜ ਆਰਡੀਨੈਂਸ 2020, ਭਰੋਸੇਮੰਦ ਕੀਮਤ ਤੇ ਫ਼ਾਰਮ ਸੇਵਾਵਾਂ ਆਰਡੀਨੈਂਸ 2020 ਪਾਸ ਕਰ ਦਿੱਤੇ ਗਏ ਹਨ। ਇਸ ਕਰਕੇ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਆਉਂਦਿਆਂ ਹੋਇਆਂ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਲਿਆ।