ਚੰਡੀਗੜ੍ਹ: ਹਰਿਆਣਾ 'ਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਰਾਮ ਰਹੀਮ ਦੀ ਹਰਕਤ ਤੋਂ ਹੈਰਾਨ ਖੱਟੜ ਸਰਕਾਰ ਪੈਰੋਲ ਨੂੰ ਲੈ ਕੇ ਕਾਫ਼ੀ ਮਿਹਰਬਾਨ ਵਿਖਾਈ ਦੇ ਰਹੀ ਹੈ। ਮੁੱਖ ਮੰਤਰੀ ਖੱਟੜ ਤੋਂ ਲੈ ਕੇ ਸਰਕਾਰ ਦੇ ਕਈ ਮੰਤਰੀ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਵਕਾਲਤ ਕਰ ਰਹੇ ਹਨ।
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਜਲਦਬਾਜ਼ੀ ਕਰ ਰਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਦੱਸ ਦਈਏ ਕਿ ਰਾਮ ਰਹੀਮ ਨੇ ਖੇਤੀਬਾੜੀ ਸਬੰਧੀ ਕੰਮ ਲਈ ਪੈਰੋਲ ਮੰਗੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਡੇਰਾ ਸੌਦਾ ਨੂੰ ਮੁੜ ਤੋਂ ਖੜ੍ਹਾ ਕਰਨਾ ਚਾਹੁੰਦਾ ਹੈ। ਖੱਟੜ ਸਰਕਾਰ ਦੀ ਮਿਹਰਬਾਨੀ ਵੇਖ ਕੇ ਲੱਗਦਾ ਹੈ ਕਿ ਉਹ ਡੇਰਾ ਸਮਰਥਕਾਂ ਦੀ ਵੋਟ ਬੈਂਕ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ।
ਖ਼ਾਸ ਗੱਲ ਇਹ ਹੈ ਕਿ ਡੇਰਾ ਸੱਚਾ ਸੌਦਾ ਦਾ ਹਰਿਆਣਾ 'ਚ 13 ਜ਼ਿਲ੍ਹਿਆਂ ਦੀਆਂ 30 ਵਿਧਾਨਸਭਾ ਸੀਟਾਂ ਤੇ ਪ੍ਰਭਾਵ ਮੰਨਿਆ ਜਾਂਦਾ ਹੈ। ਖੱਟੜ ਸਰਕਾਰ ਨੂੰ ਉਮੀਦ ਹੈ ਰਾਮ ਰਹੀਮ ਦੇ ਬਾਹਰ ਆਉਣ ਨਾਲ ਬੀਜੇਪੀ ਨੂੰ ਫ਼ਾਇਦਾ ਮਿਲ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਰਕਾਰ ਦੇ ਮੰਤਰੀ ਰਾਮ ਰਹੀਮ ਨੂੰ ਪੈਰੋਲ ਦਵਾਉਣ 'ਚ ਜਲਦਬਾਜ਼ੀ ਕਰ ਰਹੇ ਹਨ।