ਨਵੀਂ ਦਿੱਲੀ: ਦੇਸ਼ ਵਿੱਚ ਜਾਰੀ ਕੋਰੋਨਾ ਸੰਕਟ ਦੇ ਵਿਚਕਾਰ 1 ਅਗਸਤ ਤੋਂ ਸ਼ੁਰੂ ਹੋ ਰਹੇ ਅਨਲੌਕ-3 ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਸਕੂਲ ਅਤੇ ਕਾਲੇਜ ਫਿਲਹਾਲ ਬੰਦ ਰੱਖੇ ਜਾਣਗੇ। ਕੰਟੇਨਮੈਂਟ ਜ਼ੋਨਸ ਵਿੱਚ ਲੌਕਡਾਊਨ ਜਾਰੀ ਰਹੇਗਾ ਅਤੇ ਇਸ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ। ਸਿਨੇਮਾ ਘਰਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਾਈਟ ਕਰਫਿਊ ਵੀ ਹਟਾ ਦਿੱਤਾ ਗਿਆ ਹੈ। ਜਿੰਮ ਅਤੇ ਯੋਗਾ ਕਲਾਸਾਂ ਅਦਿ ਨੂੰ 5 ਅਗਸਤ ਤੋਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਜਾਰੀ ਕੀਤੀਆਂ ਗਾਈਡਲਾਈਨਜ਼ ਵਿੱਚ ਦੱਸਿਆ ਗਿਆ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਸਕੂਲ, ਕਾਲੇਜ ਅਤੇ ਕੋਚਿੰਗ ਸੈਂਟਰਾਂ ਨੂੰ 31 ਅਗਸਤ 2020 ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਕੌਮਾਂਤਰੀ ਉਡਾਣਾਂ 'ਤੇ ਅਜੇ ਵੀ ਪਾਬੰਦੀ ਜਾਰੀ ਹੈ, ਸਿਰਫ਼ ਵੰਦੇ ਭਾਰਤ ਮਿਸ਼ਨ ਤਹਿਤ ਸੀਮਤ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।