ਨਵੀਂ ਦਿੱਲੀ: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ 'ਤੇ ਕਹਿਰ ਢਾਹ ਰਿਹਾ ਹੈ। ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਰੋਕਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਲੌਕਡਾਊਨ ਕੀਤਾ ਗਿਆ ਹੈ। ਇਸ ਵਾਇਰਸ ਨੇ ਵਿਸ਼ਵ ਭਰ ਵਿੱਚ 18 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਲਪੇਟੇ ਵਿੱਚ ਲਿਆ ਹੈ।
ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਰਿਸੋਰਸ ਸੈਂਟਰ ਵੱਲੋਂ ਦਿੱਤੇ ਅੰਕੜਿਆਂ ਮੁਤਾਬਕ ਹੁਣ ਤੱਕ ਇਸ ਮਹਾਂਮਾਰੀ ਕਾਰਨ ਪੂਰੀ ਦੁਨੀਆ 'ਚੋਂ 1,850,220 ਮਾਮਲੇ ਸਾਹਮਣੇ ਆਏ ਹਨ ਜਦਕਿ 114,215 ਲੋਕਾਂ ਦੀ ਮੌਤ ਹੋ ਚੁੱਕੀ ਹੈ। 430,455 ਲੋਕਾਂ ਦਾ ਸਫ਼ਲ ਇਲਾਜ ਵੀ ਕੀਤਾ ਗਿਆ ਹੈ।
ਅਮਰੀਕਾ ਦੀ ਸਥਿਤੀ 'ਚ ਨਹੀਂ ਸੁਧਾਰ
ਅਮਰੀਕਾ 'ਚ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਸੰਕ੍ਰਮਿਤ ਲੋਕਾਂ ਦਾ ਅੰਕੜਾ 557,300 ਪਹੁੰਚ ਚੁੱਕਾ ਹੈ, ਜਦਕਿ ਹੁਣ ਤਕ ਕੁੱਲ 22,079 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿੱਚ ਹੋਈਆਂ ਹਨ।
ਇਟਲੀ 'ਚ 20 ਹਜ਼ਾਰ ਦੇ ਕਰੀਬ ਮੌਤਾਂ
ਕੋਰੋਨਾ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਦਾ ਅੰਕੜਾ 20 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਇਸ ਘਾਤਕ ਵਾਇਰਸ ਕਾਰਨ ਇਟਲੀ ਵਿੱਚ 19,899 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 156,363 ਮਰੀਜ਼ ਇਸ ਤੋਂ ਪੀੜਤ ਹਨ।
ਚੀਨ 'ਚ ਮੁੜ ਵਧਿਆ ਖ਼ਤਰਾ
ਚੀਨ ਵਿੱਚ ਇਸ ਮਹਾਂਮਾਰੀ ਦੇ ਵਧਣ ਦਾ ਡਰ ਮੁੜ ਸਤਾਉਣ ਲੱਗਾ ਹੈ। ਪਿਛਲੇ ਕੁੱਝ ਦਿਨਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਵੇਖਣ ਨੂੰ ਮਿਲਿਆ। ਦੇਸ਼ ਵਿੱਚ ਹੁਣ ਤੱਕ 83,135 ਲੋਕ ਇਸ ਤੋਂ ਪ੍ਰਭਾਵਿਤ ਹਨ, ਜਦਕਿ 3,343 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਮੌਤਾਂ 3,219 ਹੁਬੇਈ ਵਿੱਚ ਹੋਈਆਂ ਹਨ।