ਹਰਿਦੁਆਰ : ਉੱਤਰਾਖੰਡ ਦੇ ਗੜ੍ਹਵਾਲ ਤੋਂ ਭਾਜਪਾ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਅੱਜ ਐਤਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਰਾਵਤ ਆਪਣੀ ਕਾਰ ਵਿੱਚ ਆ ਰਹੇ ਸਨ ਜਦੋਂ ਉਹ ਭੀਮਗੋਡਾ-ਪੰਤ ਦੀਪ ਦੇ ਨੇੜੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ।
ਰਾਵਤ ਅੱਜ ਐਤਵਾਰ ਸਵੇਰੇ 4 ਵਜੇ ਨੰਦਾ ਦੇਵੀ ਤੋਂ ਹਰਿਦੁਆਰ ਪਹੁੰਚੇ ਸਨ। ਰਾਵਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਸਵੇਰੇ 7 ਵਜੇ ਹੋਈ। ਹਰਿਦੁਆਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਰਾਵਤ ਦੀ ਗੱਡੀ ਨੂੰ ਤੇਜ਼ ਰਫ਼ਤਾਰ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਰਾਵਤ ਦੀ ਗੱਡੀ ਉੱਲਟ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਵਤ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦਾ ਕਾਫ਼ੀ ਬਚਾਅ ਹੋਇਆ ਹੈ। ਰਾਵਤ ਦੇ ਸਿਰ, ਲੱਕ, ਮੋਢੇ ਉੱਤੇ ਸੱਟਾਂ ਲੱਗੀਆਂ ਹਨ।
ਜਾਣਕਾਰੀ ਮੁਤਾਬਕ ਦਿੱਲੀ ਨੰਬਰ ਦੀ ਗੱਡੀ ਨੇ ਰਾਵਤ ਦੀ ਗੱਡੀ ਨੂੰ ਟੱਕਰ ਮਾਰੀ ਸੀ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਗੱਡੀ ਸਮੇਤ ਡਰਾਇਵਰ ਨੂੰ ਨਾਰਸਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਹਾਦਸੇ ਦੇ ਵਿੱਚ ਰਾਵਤ ਦੇ ਡਰਾਈਵਰ ਅਤੇ ਪੀਆਰਓ ਵੀ ਜ਼ਖ਼ਮੀ ਹਨ। ਡਾਕਟਰਾਂ ਵੱਲੋਂ ਰਾਵਤ ਨੂੰ ਦਿੱਲੀ ਦੇ ਏਮਜ਼ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।