ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਮਾਨਹਾਣੀ ਦੇ 11 ਸਾਲ ਪੁਰਾਣੇ ਮਾਮਲੇ 'ਚ ਅੱਜ ਪ੍ਰਸ਼ਾਂਤ ਭੂਸ਼ਣ ਤੇ ਪੱਤਰਕਾਰ ਤਰੁਣ ਤੇਜਪਾਲ ਵਿਰੁੱਧ ਅਦਾਲਤ 'ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਦੇ ਸਪਸ਼ਟੀਕਰਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।
ਸੁਪਰੀਮ ਕੋਰਟ ਨੂੰ ਇਹ ਫੈਸਲਾ ਕਰਨਾ ਸੀ ਕਿ ਮਾਮਲੇ 'ਚ ਸਪਸ਼ਟੀਕਰਨ ਨੂੰ ਮਨਜ਼ੂਰੀ ਦੇਣੀ ਹੈ ਜਾਂ ਅਦਾਲਤ ਦੀ ਮਾਨਹਾਣੀ ਲਈ ਕਾਰਵਾਈ ਨੂੰ ਅੱਗੇ ਵਧਾਉਣਾ ਹੈ। ਇਹ ਕੇਸ ਭੂਸ਼ਣ ਵੱਲੋਂ ਤਹਿਲਕਾ ਨੂੰ ਦਿੱਤੇ ਇੱਕ ਇੰਟਰਵਿਉ ਨਾਲ ਸਬੰਧਤ ਹੈ ਜਿਸ ਵਿੱਚ ਉਸਨੇ ਦੋਸ਼ ਲਾਇਆ ਸੀ ਕਿ ਭਾਰਤ ਦੇ 16 ਮੁੱਖ ਜੱਜਾਂ ਵਿਚੋਂ ਅੱਧੇ ਭ੍ਰਿਸ਼ਟ ਹਨ।
ਪ੍ਰਸ਼ਾਂਤ ਭੂਸ਼ਣ ਨੇ ਇਸ ਮਾਮਲੇ 'ਚ ਅਦਾਲਤ ਵਿੱਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਜਦੋਂਕਿ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਨੇ ਮੁਆਫੀ ਮੰਗ ਲਈ ਹੈ। ਸਾਲ 2009 ਵਿੱਚ ਇੱਕ ਇੰਟਰਵਿਉ ਵਿੱਚ ਐਡਵੋਕੇਟ ਭੂਸ਼ਣ ਨੇ ਸੁਪਰੀਮ ਕੋਰਟ ਦੇ 8 ਸਾਬਕਾ ਚੀਫ਼ ਜਸਟਿਸ ਨੂੰ ਭ੍ਰਿਸ਼ਟ ਕਰਾਰ ਦਿੱਤਾ ਸੀ।
ਪਿਛਲੀ ਸੁਣਵਾਈ ਵਿੱਚ ਭੂਸ਼ਣ ਨੇ 2009 ਵਿੱਚ ਆਪਣੇ ਦਿੱਤੇ ਬਿਆਨ 'ਤੇ ਅਫਸੋਸ ਜਤਾਇਆ ਪਰ ਬਿਨਾਂ ਸ਼ਰਤ ਮੁਆਫੀ ਨਹੀਂ ਮੰਗੀ। ਭੂਸ਼ਣ ਨੇ ਕਿਹਾ ਕਿ ਮੇਰਾ ਮਤਲਬ ਉਦੋਂ ਭ੍ਰਿਸ਼ਟਾਚਾਰ ਕਹਿਣਾ ਨਹੀਂ ਸੀ ਬਲਕਿ ਸਹੀ ਢੰਗ ਨਾਲ ਡਿਉਟੀ ਨਿਭਾਉਣਾ ਸੀ।