ਨਵੀਂ ਦਿੱਲੀ: ਵੰਦੇ ਭਾਰਤ ਮਿਸ਼ਨ ਦਾ ਚੌਥਾ ਪੜਾਅ 3 ਤੋਂ 15 ਜੁਲਾਈ ਤੱਕ ਚਲਾਇਆ ਜਾਵੇਗਾ। ਇਸ ਤਹਿਤ ਸਰਕਾਰੀ ਜਹਾਜ਼ ਦੀ ਕੰਪਨੀ ਏਅਰ ਇੰਡੀਆ 170 ਉਡਾਣਾਂ ਦਾ ਸੰਚਾਲਨ ਕਰੇਗੀ। ਸਰਕਾਰ ਨੇ ਇਸ ਮਿਸ਼ਨ ਦੀ ਸ਼ੁਰੂਆਤ 6 ਮਈ ਨੂੰ ਕੀਤੀ ਸੀ। ਇਸ ਦਾ ਮਕਸਦ ਵਿਦੇਸ਼ ਵਿੱਚ ਫਸੇ ਹੋਏ ਭਾਰਤੀਆਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਣਾ ਸੀ।
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ 'ਚ 23 ਮਾਰਚ ਤੋਂ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਹੈ। ਵੰਦੇ ਭਾਰਤ ਮਿਸ਼ਨ ਦੇ ਚੌਥੇ ਪੜਾਅ ਵਿੱਚ ਕੈਨੇਡਾ, ਅਮਰੀਕਾ, ਬ੍ਰਿਟੇਨ, ਕੀਨੀਆ, ਸ੍ਰੀਲੰਕਾ, ਫਿਲਪੀਨਜ਼, ਕਿਰਗਿਸਤਾਨ, ਸਾਊਦੀ ਅਰਬ, ਬੰਗਲਾਦੇਸ਼, ਥਾਈਲੈਂਡ, ਦੱਖਣੀ ਅਫਰੀਕਾ, ਰੂਸ, ਆਸਟ੍ਰੇਲੀਆ, ਮਿਆਂਮਾਰ, ਜਾਪਾਨ, ਯੂਕਰੇਨ ਅਤੇ ਵੀਅਤਨਾਮ ਤੋਂ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ 38 ਉਡਾਣਾਂ ਦਾ ਭਾਰਤ-ਬ੍ਰਿਟੇਨ ਰੂਟ 'ਤੇ ਅਤੇ 32 ਉਡਾਣਾਂ ਦਾ ਭਾਰਤ-ਅਮਰੀਕਾ ਰੂਟ 'ਤੇ ਸੰਚਾਲਨ ਕੀਤਾ ਜਾਵੇਗਾ। ਏਅਰ ਇੰਡੀਆ 26 ਉਡਾਣਾਂ ਦਾ ਭਾਰਤ ਅਤੇ ਸਾਊਦੀ ਅਰਬ ਵਿਚਕਾਰ ਸੰਚਾਲਨ ਕਰੇਗੀ। ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਵਿੱਚ ਏਅਰ ਇੰਡੀਆ ਦੀਆਂ 495 ਉਡਾਣਾਂ ਦੇ ਸੰਚਾਲਨ ਦੀ ਯੋਜਨਾ ਹੈ। 10 ਜੂਨ ਤੋਂ ਸ਼ੁਰੂ ਹੋਇਆ ਇਹ ਪੜਾਅ 4 ਜੁਲਾਈ ਤੱਕ ਚੱਲੇਗਾ।