ਰਾਜਨੰਦਗਾਂਵ: ਈਟੀਵੀ ਭਾਰਤ ਨੇ ਕੱਛੂਕੁਮਿਆਂ ਦੀ ਕੈਦ ਨੂੰ ਲੈ ਕੇ ਇੱਕ ਖ਼ਬਰ ਲਗਾਈ ਸੀ ਜਿਸ ਦਾ ਅਸਰ ਵਿਖਾਈ ਦਿੱਤਾ ਹੈ। ਕੋਰਟ ਨੇ ਲੰਬੀਆਂ ਤਰੀਕਾਂ ਅਤੇ ਸੁਣਵਾਈ ਦੀ ਵਜ੍ਹਾਂ ਨਾਲ ਚਾਰ ਸਾਲਾਂ ਤੱਕ ਪਾਣੀ ਦੀ ਇੱਕ ਟੈਂਕੀ ਵਿੱਚ ਕੈਦੀਆਂ ਵਾਂਗ ਜ਼ਿੰਦਗੀ ਕੱਟ ਰਹੇ ਕੱਛੂਕੁਮਿਆਂ ਨੂੰ ਆਜ਼ਾਦ ਕਰ ਦਿੱਤਾ। ਜ਼ਿਲ੍ਹਾ ਅਦਾਲਤ ਦੇ ਆਦੇਸ਼ ਤੋਂ ਬਾਅਦ ਜੰਗਲਾਤ ਵਿਭਾਗ ਨੇ ਪੰਚਨਾਮਾ ਤਿਆਰ ਕਰਕੇ ਵਸੰਤਪੁਰ ਪੁਲਿਸ ਦੀ ਮੌਜ਼ੂਦਗੀ 'ਚ ਤਿੰਨ ਕੱਛੂਕੁਮੇ ਸ਼ਿਵਨਥ ਨਦੀ 'ਚ ਛੱਡੇ। ਇਹ ਕੱਛੂਕੁਮੇ ਨਦੀ ਵਿੱਚ ਕੁਦਰਤੀ ਜ਼ਿੰਦਗੀ ਜਿਓਂ ਸਕਣਗੇ।
ਕੀ ਹੈ ਮਾਮਲਾ
ਈਟੀਵੀ ਭਾਰਤ ਨੇ ਇਸ ਖ਼ਬਰ ਨੂੰ ਪਹਿਲ ਦੇ ਤੌਰ 'ਤੇ ਵਿਖਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕੱਛੂਕੁਮਿਆਂ ਦੀ ਰਿਹਾਈ ਨੂੰ ਲੈ ਕੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ। ਇਹ ਕੱਛੂਕੁਮੇ ਪਿਛਲੇ ਚਾਰ ਸਾਲਾਂ ਤੋਂ ਆਪਣੀ ਆਜ਼ਾਦੀ ਲਈ ਉਡੀਕ ਕਰਦੇ ਹੋਏ ਇੱਕ ਪਾਣੀ ਦੀ ਟੈਂਕੀ ਵਿੱਚ ਕੈਦ ਸਨ। ਸਾਲ 2015 ਵਿੱਚ ਸਥਾਨਕ ਪੁਲਿਸ ਨੇ 6 ਲੋਕਾਂ ਕੋਲੋਂ ਇਹ ਕੱਛੂਕੁਮੇ ਬਰਾਮਦ ਕੀਤੇ ਸਨ। ਮੁਲਜ਼ਮ ਇਨ੍ਹਾਂ ਦੀ ਵਰਤੋਂ ਜਾਦੂ-ਟੂਣੇ ਲਈ ਕਰਦੇ ਸਨ। ਬਰਾਮਦ ਕੀਤੇ ਗਏ ਕੱਛੂਕੁਮਿਆਂ ਨੂੰ ਜੰਗਲਾਤ ਵਿਭਾਗ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਸੀ।
ਕੋਰਟ ਦੇ ਆਦੇਸ਼ ਤੋਂ ਬਾਅਦ ਮਿਲੀ ਰਿਹਾਈ
ਇਸ ਮਾਮਲੇ ਵਿੱਚ ਵਸੰਤਪੁਰ ਦੇ ਟੀਆਈ ਰਾਜੇਸ਼ ਕੁਮਾਰ ਸਾਹੂ ਦਾ ਕਹਿਣਾ ਹੈ ਕਿ ਕੱਛੂਕੁਮਿਆਂ ਦੀ ਰਿਹਾਈ ਲਈ ਕੋਰਟ ਦੇ ਆਦੇਸ਼ ਦੀ ਉਡੀਕ ਸੀ। ਆਦੇਸ਼ ਮਿਲਦੇ ਹੀ ਜੰਗਲਾਤ ਵਿਭਾਗ ਨੂੰ ਸੂਚਨਾ ਦੇ ਕੇ ਤਿੰਨ ਕੱਛੂਕੁਮੇ ਨਦੀ ਵਿੱਚ ਛੱਡ ਦਿੱਤੇ ਗਏ। ਇਸ ਮਾਮਲੇ 'ਚ ਜੰਗਲਾਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਇਹ ਕੱਛੂਕੁਮੇ ਬਰਾਮਦ ਕੀਤੇ ਗਏ ਸਨ ਤਾਂ ਇਨ੍ਹਾਂ ਦੀ ਗਿਣਤੀ ਚਾਰ ਸੀ, ਇਨ੍ਹਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਰਿਹਾਈ ਮਿਲਣ ਮਗਰੋਂ ਬਾਕੀ ਦੇ ਤਿੰਨ ਕੱਛੂਕੁਮੇ ਨਦੀ ਵਿੱਚ ਆਪਣਾ ਕੁਦਰਤੀ ਜੀਵਨ ਜਿਓਂ ਸਕਣਗੇ।