ਮੁੰਬਈ: ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਰੇ ਖਾਤਿਆਂ ਨੂੰ 31 ਮਾਰਚ 2021 ਤੱਕ ਸਬੰਧਤ ਗਾਹਕਾਂ ਦੇ ਅਧਾਰ ਨੰਬਰ ਨਾਲ ਜੋੜਿਆ ਜਾਵੇ।
ਉਨ੍ਹਾਂ ਕਿਹਾ ਕਿ ਵਿੱਤੀ ਸ਼ਮੂਲੀਅਤ ਦੀ ਕਹਾਣੀ ਅਜੇ ਪੂਰੀ ਨਹੀਂ ਹੋਈ ਹੈ। ਇਸ ਨੂੰ ਅਜੇ ਅੱਗੇ ਲਿਜਾਇਆ ਜਾਣਾ ਬਾਕੀ ਹੈ। ਅਜਿਹੇ ਬਹੁਤ ਸਾਰੇ ਖਾਤੇ ਹਨ, ਜੋ ਅਜੇ ਤੱਕ ਅਧਾਰ ਨਾਲ ਜੁੜੇ ਨਹੀਂ ਹਨ।
ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਦੀ 73ਵੀਂ ਸਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਹਰੇਕ ਖਾਤੇ ਨੂੰ 31 ਮਾਰਚ, 2021 ਤੱਕ ਅਧਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਜਿਥੇ ਵੀ ਜਰੂਰੀ ਅਤੇ ਲਾਗੂ ਹੁੰਦਾ ਹੈ, ਇਸ ਨੂੰ ਪੈਨ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੈਂਕਾਂ ਨੂੰ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਯੂਪੀਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ) ਅਧਾਰਤ ਭੁਗਤਾਨਾਂ ਨੂੰ ਅਪਣਾਉਣ 'ਤੇ ਵੀ ਜ਼ੋਰ ਦਿੱਤਾ।
ਖਜ਼ਾਨਾ ਮੰਤਰੀ ਨੇ ਕਿਹਾ ਕਿ ਯੂਪੀਆਈ ਸਾਡੇ ਸਾਰੇ ਬੈਂਕਾਂ ਵਿੱਚ ਇੱਕ ਆਮ ਬੋਲਚਾਲ ਦਾ ਸ਼ਬਦ ਹੋਣੇ ਚਾਹੀਦੇ।
ਪੈਸਾ ਇੱਕ ਬੈਂਕ ਖਾਤੇ ਤੋਂ ਦੂਸਰੇ ਯੂਪੀਆਈ ਯਾਨੀ ਯੂਨੀਫਾਈਡ ਭੁਗਤਾਨ ਪ੍ਰਣਾਲੀ ਰਾਹੀਂ ਤੁਰੰਤ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਰੁਪੇ ਕਾਰਡਾਂ ਨੂੰ ਉਤਸ਼ਾਹਤ ਕਰਨ 'ਤੇ ਵੀ ਜ਼ੋਰ ਦਿੱਤਾ। ਸੀਤਾਰਮਨ ਨੇ ਕਿਹਾ ਕਿ ਜਿਸ ਨੂੰ ਵੀ ਕਾਰਡ ਦੀ ਲੋੜ ਹੈ, ਤੁਹਾਨੂੰ ਉਨ੍ਹਾਂ ਨੂੰ ਸਿਰਫ਼ ਰੁਪੇ ਕਾਰਡ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵੱਡੇ ਅਕਾਰ ਦੇ ਬੈਂਕਾਂ ’ਤੇ ਜ਼ੋਰ ਦੇ ਰਿਹਾ ਹੈ।