ਨਵੀਂ ਦਿੱਲੀ: ਨਵੀਂ ਮੋਦੀ ਸਰਕਾਰ ਦੀ ਪਹਿਲੀ ਬੈਠਕ ਸ਼ੁਕਰਵਾਰ ਨੂੰ ਦਿੱਲੀ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਹ ਨਵੀਂ ਬਣੀ ਸਰਕਾਰ ਦੀ ਪਹਿਲੀ ਬੈਠਕ ਸ਼ਾਮ ਦੇ ਕਰੀਬ 5 ਵਜੇ ਹੋਵੇਗੀ। ਇਸ ਬੈਠਕ ਵਿੱਚ ਕਈ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ।
ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਵੱਲੋਂ ਛੇਤੀ ਹੀ ਵੱਖ-ਵੱਖ ਮਾਮਲਿਆਂ ਜਿਵੇਂ ਸੁਰੱਖਿਆ, ਸੰਸਦੀ ਮਾਮਲੇ ਤੇ ਰਾਜਨਿਤਕ ਮਾਮਲਿਆਂ ਦੀ ਕਮੇਟੀਆਂ ਸਬੰਧੀ ਫ਼ੈਸਲੇ ਲਏ ਜਾਣਗੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਆਪਣੀ 58 ਮੈਂਬਰੀ ਕੈਬਨਿਟ ਨਾਲ ਸਹੁੰ ਚੁੱਕੀ ਹੈ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁੱਕਵਾਈ। ਮੋਦੀ ਦੀ ਵਜ਼ਾਰਤ ਵਿੱਚ ਉਨ੍ਹਾਂ ਸਣੇ 25 ਕੇਂਦਰੀ ਮੰਤਰੀ, 24 ਕੇਂਦਰੀ ਰਾਜ ਮੰਤਰੀ ਅਤੇ 9 ਰਾਜ ਮੰਤਰੀ (ਆਜ਼ਾਦ ਚਾਰਜ) ਸ਼ਾਮਲ ਹਨ।
ਇਨ੍ਹਾਂ ਵਿੱਚੋਂ ਪੰਜਾਬ ਦੇ ਹਿੱਸੇ ਇੱਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਇੱਕ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਆਏ ਹਨ। ਬਠਿੰਡਾ ਸੀਟ ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤ ਕੇ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੂਜੀ ਵਾਰ ਕੇਂਦਰੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।