ਨਵੀਂ ਦਿੱਲੀ: ਗਾਰਗੀ ਕਾਲਜ 'ਚ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਹੈ। ਦੂਜੇ ਪਾਸੇ, ਕਾਲਜ ਵਿਦਿਆਰਥਣਾਂ ਦਾ ਪ੍ਰਦਰਸ਼ਨ ਜਾਰੀ ਹੈ।
ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰਨ ਦੇ ਨਾਲ ਕਾਲਜ ਦੇ ਗੇਟ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਤਲਬ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਕੋਈ ਵੀ ਕਾਲਜ ਦੇ ਗੇਟ 'ਤੇ ਤਾਇਨਾਤ ਗਾਰਡ ਦੀ ਨਜ਼ਰ ਤੋਂ ਬਚ ਕੇ ਕੈਂਪਸ ਵਿੱਚ ਦਾਖਲ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਉਸ ਦਿਨ ਗੇਟ 'ਤੇ ਤਾਇਨਾਤ ਪ੍ਰਾਈਵੇਟ ਗਾਰਡਾਂ ਨੂੰ ਵੀ ਬੁਲਾਇਆ ਗਿਆ ਹੈ।
ਇਸ ਵਿਚਾਲੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਗਾਰਗੀ ਕਾਲਜ ਵਿੱਚ ਪਹੁੰਚੀ। ਇਸ ਦੌਰਾਨ ਸਵਾਤੀ ਮਾਲੀਵਾਲ ਨੇ ਪੂਰੇ ਮਾਮਲੇ ਵਿਚ ਦਿੱਲੀ ਪੁਲਿਸ ਅਤੇ ਕਾਲਜ ਪ੍ਰਸ਼ਾਸਨ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕਾਲਜ ਪ੍ਰਸ਼ਾਸਨ ਅਤੇ ਪੁਲਿਸ ਨੂੰ ਨੋਟਿਸ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਤਾਂ ਫੈਸਟੀਵਲ ‘ਤੇ ਨਾ ਆਓ। ਪੂਰੇ ਕਾਲਜ ਵਿੱਚ ਜੈਮਰ ਲੱਗੇ ਹੋਣ ਕਾਰਨ ਕੁੜੀਆਂ 100 ਨੰਬਰਾਂ 'ਤੇ ਫੋਨ ਵੀ ਨਹੀਂ ਕਰ ਸਕੀਆਂ। ਉੱਥੇ ਹੀ ਕਾਂਗਰਸ ਨੇ ਇਹ ਮੁੱਦਾ ਲੋਕ ਸਭਾ ਵਿੱਚ ਵੀ ਚੁੱਕਿਆ ਹੈ।
ਉੱਧਰ, ਕਾਲਜ ਪ੍ਰਿੰਸੀਪਲ ਪ੍ਰੋਮਿਲਾ ਕੁਮਾਰ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਦੱਸ ਦਈਏ ਕਿ ਦਿੱਲੀ ਦੇ ਗਾਰਗੀ ਕਾਲਜ ਦੀ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ 6 ਫਰਵਰੀ ਨੂੰ ਕੁਝ ਬਾਹਰੀ ਵਿਅਕਤੀ ਸ਼ਰਾਬ ਪੀ ਕੇ ਕਾਲਜ ਕੈਂਪਸ ਵਿੱਚ ਦਾਖਲ ਹੋਏ ਸਨ। ਉਨ੍ਹਾਂ ਨੇ ਕੁੜੀਆਂ ਨਾਲ ਛੇੜਛਾੜ ਕੀਤੀ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਗਾਰਗੀ ਕਾਲਜ ਦੀਆਂ ਕੁੜੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ 3 ਰੋਜ਼ਾ ਫੈਸਟੀਵਲ ‘ਰੀਵੇਰੀ’ ਦੌਰਾਨ ਵਾਪਰਿਆ।