ਜੈਪੁਰ: ਰਾਜਸਥਾਨ 'ਚ ਕਾਂਗਰਸ ਸਰਕਾਰ 'ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਪਾਰਟੀ ਨੇ ਵਿਧਾਇਕਾਂ ਵਿਸ਼ਵੇਂਦਰ ਸਿੰਘ ਅਤੇ ਭੰਵਰ ਲਾਲ ਸ਼ਰਮਾ ਨੂੰ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦਾ ਇਲਜ਼ਾਮ ਹੈ ਕਿ ਸਾਹਮਣੇ ਆਈ ਆਡੀਓ ਵਿੱਚ ਸਰਕਾਰ ਨੂੰ ਡਿਗਾਉਣ ਦੀ ਚਰਚਾ ਕੀਤੀ ਜਾ ਰਹੀ ਹੈ।
ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਕਾਂਗਰਸ ਦੇ ਮੁੱਖੀ ਸਚੇਤਕ ਮਹੇਸ਼ ਜੋਸ਼ੀ ਨੇ ਐਸਓਜੀ 'ਚ ਵਿਧਾਇਕ ਭੰਵਰ ਲਾਲ ਸ਼ਰਮਾ, ਸੰਜੇ ਜੈਨ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦਾ ਅਧਾਰ ਵਾਇਰਲ ਆਡੀਓ ਹੈ। ਹਾਲਾਂਕਿ, ਸ਼ੇਖਾਵਤ ਨੂੰ ਲੈ ਕੇ ਪਾਰਟੀ ਪੂਰੀ ਤਰ੍ਹਾਂ ਯਕੀਨ ਨਹੀਂ ਕਰ ਪਾ ਰਹੀ ਹੈ ਕਿ ਉਹ ਆਵਾਜ਼ ਉਨ੍ਹਾਂ ਦੀ ਹੈ ਜਾਂ ਨਹੀਂ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸ਼ੇਖਾਵਤ ਕੇਂਦਰੀ ਮੰਤਰੀ ਹੈ ਜਾਂ ਕੋਈ ਹੋਰ, ਇਸ ਦੀ ਵੀ ਜਾਂਚ ਕੀਤੀ ਜਾਏਗੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਸਾਹਮਣੇ ਆਈ ਆਡੀਓ 'ਚ ਇੱਕ ਕੇਂਦਰੀ ਮੰਤਰੀ ਅਤੇ ਕਾਂਗਰਸੀ ਵਿਧਾਇਕਾਂ ਦਰਮਿਆਨ ਹੋਈ ਗੱਲਬਾਤ ਦੀ ਰਿਕਾਰਡਿੰਗ ਹੈ। ਇਸ ਤੋਂ ਬਾਅਦ ਸਰਦਾਰਸ਼ਹਿਰ ਤੋਂ ਕਾਂਗਰਸੀ ਵਿਧਾਇਕ ਭੰਵਰਲਾਲ ਸ਼ਰਮਾ, ਸੰਜੇ ਜੈਨ ਅਤੇ ਗਜੇਂਦਰ ਸਿੰਘ ਸ਼ੇਖਾਵਤ ਵਿਰੁੱਧ ਸ਼ਿਕਾਇਤ ਦਿੱਤੀ ਗਈ ਹੈ। ਇਸ ਦੌਰਾਨ ਇਹ ਵੀ ਖ਼ਬਰ ਹੈ ਕਿ ਐਸਓਜੀ ਨੇ ਜੈਪੁਰ ਦੇ ਵਸਨੀਕ ਸੰਜੇ ਜੈਨ ਨੂੰ ਹਿਰਾਸਤ ਵਿੱਚ ਲੈ ਕੇ 12 ਘੰਟੇ ਤੋਂ ਵੀ ਜ਼ਿਆਦਾ ਸਮੇ ਤੱਕ ਪੁੱਛਗਿੱਛ ਕੀਤੀ ਹੈ।