ਜੰਮੂ ਕਸ਼ਮੀਰ: ਜੰਮੂ–ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਮੁੱਖ ਮੰਤਰੀ ਡਾ. ਫ਼ਾਰੂਕ ਅਬਦੁੱਲ੍ਹਾ ਵਿਰੁੱਧ ਲੋਕ–ਸੁਰੱਖਿਆ ਕਾਨੂੰਨ (PSA) ਅਧੀਨ ਲਾਏ ਦੋਸ਼ ਅੱਜ ਸ਼ੁੱਕਰਵਾਰ ਨੂੰ ਹਟਾ ਦਿੱਤੇ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਗ੍ਰਹਿ ਸਕੱਤਰ ਸ਼ਾਲੀਨ ਕਾਬਰਾ ਨੇ ਇੱਕ ਹੁਕਮ ’ਚ ਕਿਹਾ ਕਿ ਪਿਛਲੇ ਸਾਲ 17 ਸਤੰਬਰ ਨੂੰ ਡਾ. ਫ਼ਾਰੂਕ ਅਬਦੁੱਲ੍ਹਾ ਉੱਤੇ ਲਾਇਆ ਗਿਆ PSA ਹਟਾ ਦਿੱਤਾ ਗਿਆ ਹੈ।
ਦੱਸ ਦਈਏ, ਅਬਦੁੱਲ੍ਹਾ ਉੱਤੇ ਲਾਏ PSA ਦੀ ਮਿਆਦ ਪਿਛਲੇ ਸਾਲ 13 ਦਸੰਬਰ ਨੂੰ ਵਧਾ ਦਿੱਤੀ ਗਈ ਸੀ। ਡਾ. ਫ਼ਾਰੂਕ ਅਬਦੁੱਲ੍ਹਾ ਦੀ ਰਿਹਾਈ ਦਾ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਬੀਤੇ ਸਾਲ 5 ਅਗਸਤ ਨੂੰ ਜੰਮੂ–ਕਸ਼ਮੀਰ ’ਚ ਧਾਰਾ–370 ਦਾ ਖ਼ਾਤਮਾ ਕਰਨ ਤੋਂ ਬਾਅਦ ਵਾਦੀ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਉੱਥੋਂ ਦੇ ਸਥਾਨਕ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਪਿਛਲੇ ਸਾਲ 4 ਅਗਸਤ ਦੀ ਰਾਤ ਤੋਂ ਹੀ ਡਾ. ਫ਼ਾਰੂਕ ਅਬਦੁੱਲ੍ਹਾ ਨਜ਼ਰਬੰਦ ਸਨ।
ਫ਼ਾਰੂਕ ਅਬਦੁੱਲ੍ਹਾ ਸਮੇਤ ਉਮਰ ਅਬਦੁੱਲ੍ਹਾ, ਮਹਿਬੂਬਾ ਮੁਫ਼ਤੀ ਤੇ ਸੱਜਾਦ ਲੋਨ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਜੰਮੂ–ਕਸ਼ਮੀਰ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਦੇ ਨਜ਼ਰਬੰਦੀ ਤੋਂ ਛੇਤੀ ਰਿਹਾਅ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ ਤੇ ਆਸ ਕਰ ਰਹੇ ਹਨ ਕਿ ਉਹ ਕਸ਼ਮੀਰ ਵਿੱਚ ਹਾਲਾਤ ਨੂੰ ਸੁਖਾਵੇਂ ਬਣਾਉਣ ’ਚ ਯੋਗਦਾਨ ਪਾਉਣਗੇ।