ਸਿਰਸਾ: ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਦਿੱਲੀ ਜਾਣਾ ਜਾਰੀ ਹੈ। ਅਜੇ ਕਿਸਾਨ ਦਿੱਲੀ ਬਾਰਡਰ 'ਤੇ ਹੀ ਡੱਟੇ ਹੋਏ ਹਨ। ਇਨ੍ਹਾਂ ਕਿਸਾਨਾਂ ਦਾ ਸੰਘਰਸ਼ ਯੂਪੀ ਦੇ ਕਿਸਾਨਾਂ ਨਾਲ ਮਿਲ ਰਿਹਾ ਹੈ। ਇਨ੍ਹਾਂ ਅੰਦੋਲਨਾਂ ਵਿੱਚ ਹਰਿਆਣਾ, ਪੰਜਾਬ ਅਤੇ ਯੂਪੀ ਦੇ ਕਿਸਾਨਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਦਾ ਅਜੇ ਹੋਰ ਥਾਵਾਂ ਤੋਂ ਕੂਚ ਜਾਰੀ ਹੈ।
ਇਸ ਦੌਰਾਨ ਸਿਰਸਾ ਤੋਂ ਕਿਸਾਨਾਂ ਦਾ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ। ਪਰ ਇਸ ਦੌਰਾਨ, ਦਿੱਲੀ ਜਾਂਦੇ ਸਮੇਂ, ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਦੀ ਰਿਹਾਇਸ਼ 'ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨ ਦੁਸ਼ਯੰਤ ਚੌਟਾਲਾ ਦੇ ਘਰ ਦੇ ਬਾਹਰ ਰੁੱਕੇ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ। ਇਸ ਸਮੇਂ ਦੌਰਾਨ ਕਿਸਾਨ ਏਕਤਾ ਜ਼ਿੰਦਾਬਾਦ ਦੀ ਨਾਅਰੇਬਾਜ਼ੀ ਵੀ ਕੀਤੀ ਗਈ।
ਦੱਸ ਦਈਏ ਕਿ ਇਸ ਦੌਰਾਨ ਦੁਸ਼ਯੰਤ ਚੌਟਾਲਾ ਦੇ ਘਰ ਦੇ ਬਾਹਰ ਸੁਰੱਖਿਆ ਲਈ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਇਸ ਦੌਰਾਨ ਕਿਸਾਨਾਂ ਨੇ ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ। ਇੰਨ੍ਹਾਂ ਹੀ ਨਹੀਂ, ਕਿਸਾਨਾਂ ਨੇ ਪੀਐਮ ਮੋਦੀ ਅਤੇ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਹੁਣ ਇਹ ਕਿਸਾਨ ਦਿੱਲੀ ਨੂੰ ਕੂਚ ਕਰ ਗਏ ਹਨ।