ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਭਾਰਤ ਬੰਦ ਦੌਰਾਨ ਅੱਜ ਸਵੇਰ ਤੋਂ ਦੁਪਹਿਰ ਤਿੰਨ ਵਜੇ ਤਕ ਚੱਕਾ ਜਾਮ ਰਹੇਗਾ। ਕਿਸਾਨਾਂ ਨੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਭਾਰਤ ਬੰਦ ਨੂੰ ਲੈ ਕੇ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਵੱਲੋਂ ਕਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਅੰਦੋਲਨ ਦੇ ਸ਼ੁਰੂ ਤੋਂ ਹੀ ਕਿਸਾਨਾਂ ਨੇ ਇਸ ਅੰਦੋਲਨ ਨੂੰ ਸਿਰਫ ਕਿਸਾਨੀ ਝੰਡੇ ਹੇਠ ਲੜਨ ਦੀ ਗੱਲ ਆਖੀ ਸੀ। ਇਸ ਲਈ ਕਿਸਾਨਾਂ ਨੇ ਅੱਜ ਦੇ ਇਸ ਭਾਰਤ ਬੰਦ ਦੇ ਸਮਰਥਨ 'ਚ ਆਉਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਆਪਣੀ ਪਾਰਟੀ ਦੇ ਝੰਡੇ ਅਤੇ ਬੈਨਰ ਲਿਆਉਣ 'ਤੇ ਸਖ਼ਤ ਪਾਬੰਦੀ ਲਾਈ ਹੈ।
ਪ੍ਰੈਸ ਕਾਨਫਰੰਸ ਕਰ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਇੱਕ ਸ਼ਾਂਤ ਮਈ ਪ੍ਰਦਰਸ਼ਨ ਹੋਵੇਗਾ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਕਿਸਾਨਾਂ ਦੇ ਮੰਚ 'ਤੇ ਆਉਣ ਜਾਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਿਸਾਨਾਂ ਦੇ ਸਮਰਥਨ ਨੂੰ ਕਈ ਰਾਜਸੀ ਪਾਰਟੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਦੇਸ਼ ਭਰ ਦੀਆਂ 11 ਰਾਜਨੀਤਕ ਪਾਰਟੀਆਂ ਨੇ ਇਸ ਬੰਦ ਲਈ ਆਪਣਾ ਸਮਰਥਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਪ੍ਰਦਰਸ਼ਨ ਲੰਮੇ ਸਮੇਂ ਤੋਂ ਜਾਰੀ ਹੈ। ਕਿਸਾਨਾਂ ਦੇ ਦਿੱਲੀ ਮੋਰਚੇ ਨੂੰ 12 ਦਿਨ ਬੀਤ ਚੁੱਕੇ ਹਨ। ਪਰ ਕੇਂਦਰ ਦੇ ਰਵੱਈਏ ਤੋਂ ਤੰਗ ਆਏ ਕਿਸਾਨਾਂ ਨੇ ਸਖ਼ਤੀ ਕਰਦਿਆਂ ਅੱਜ 13ਵੇਂ ਦਿਨ ਭਾਰਤ ਬੰਦ ਦਾ ਐਨਾਲ ਕੀਤਾ ਹੈ।