ਹੈਦਰਾਬਾਦ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਸੱਦੇ 'ਤੇ ਅੱਜ 'ਭਾਰਤ ਬੰਦ' ਰਹੇਗਾ। ਕਿਸਾਨਾਂ ਨੇ 4 ਦਸੰਬਰ ਨੂੰ ਹੀ ਇਸ ਦਾ ਐਲਾਨ ਕਰ ਦਿੱਤਾ ਸੀ। 9 ਦਸੰਬਰ ਨੂੰ ਕਿਸਾਨਾਂ ਅਤੇ ਸਰਕਾਰ ਵਿਚਕਾਰ ਛੇਵੇਂ ਗੇੜ੍ਹ ਦੀ ਬੈਠਕ ਤੋਂ ਪਹਿਲਾਂ ਭਾਰਤ ਬੰਦ ਕਰ ਕਿਸਾਨ ਕੇਂਦਰ ਸਰਕਾਰ ਨੂੰ ਵੱਡਾ ਸੁਨੇਹਾ ਦੇਣਾ ਚਾਹੁੰਦੀ ਹੈ।
ਕਿਸਾਨ ਹਰ ਹਾਲ 'ਚ ਤਿੰਨੇਂ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਨ। ਨਾਲ ਹੀ 23 ਫਸਲਾਂ ਤੇ ਦਿੱਤੇ ਜਾਣ ਵਾਲੇ ਐਮਐਸਪੀ ਨੂੰ ਜਾਰੀ ਰੱਖਣ ਦੇ ਲਈ ਕਾਨੂੰਨ ਬਹਾਲੀ ਦੀ ਮੰਗ ਕਰ ਰਹੇ ਹਨ। ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਕਾਨੂੰਨ ਵਾਪਸ ਲੈਣਾ ਸੰਭਵ ਨਹੀਂ ਪਰ ਕਿਸਾਨ ਵੀ ਜ਼ਿੱਦ 'ਤੇ ਅੜੇ ਹੋਏ ਹਨ।
ਖੁੱਲ੍ਹੇ ਰਹਿਣਗੇ ਬਾਜ਼ਾਰ
ਵਪਾਰੀਆਂ ਦੇ ਸੰਗਠਨ ਕਾਨਫੇਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਸੋਮਵਾਰ ਨੂੰ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ 'ਚ ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੌਰਾਨ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਬਾਜ਼ਾਰ ਖੁੱਲ੍ਹੇ ਰਹਿਣਗੇ।
ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਨੇ ਵੀ ਇਹ ਐਲਾਨ ਕੀਤਾ ਕਿ ਬੰਦ ਦੌਰਾਨ ਆਵਾਜਾਈ ਅਤੇ ਟਰਾਂਸਪੋਰਟ ਖੇਤਰਾਂ ਦਾ ਕੰਮ ਆਮ ਦਿਨਾਂ ਵਾਂਗ ਹੀ ਜਾਰੀ ਰਹੇਗਾ।
ਪੰਜਾਬ 'ਚ ਬੰਦ ਰਹਿਣਗੇ ਪੈਟਰੋਲ ਪੰਪ
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਸਵੇਰੇ 8 ਤੋਂ ਸ਼ਾਮ 6 ਵਜੇ ਤਕ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਵਿਰੋਧੀ ਦਲ ਦਾ ਸਮਰਥਨ
ਕਾਂਗਰਸ, ਰਾਜਦ, ਵਾਮ ਪਾਰਟੀਆਂ, ਐਨਸੀਪੀ, ਟੀਆਰਐਸ, ਡੀਐਮਕੇ ਅਤੇ ਆਪ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ।
10 ਟ੍ਰੇਡ ਯੂਨੀਅਨਾਂ ਨੇ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਇਨ੍ਹਾਂ ਯੂਨੀਅਨਾਂ ਨੇ ਮਜ਼ਦੂਰ ਕੋਡ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਵੀ ਰੱਖੀ ਸੀ।
ਸੁਪਰੀਮ ਕੋਰਟ ਬਾਰ ਦਾ ਸਮਰਥਨ
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਦੁਸ਼ਯੰਤ ਦਵੇ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਅਸੰਵਿਧਾਨਕ ਅਤੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਲਈ ਆਪਣੀ ਸੇਵਾਵਾਂ ਮੁਫ਼ਤ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਸੁਪਰੀਮ ਕੋਰਟ ਪਹਿਲਾਂ ਵੀ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਦਲੀਲ ਨੂੰ ਸੁਣਨ ਦਾ ਫ਼ੈਸਲਾ ਕਰ ਚੁੱਕੀ ਹੈ।
ਵਿਰੋਧੀ ਆਗੂਆਂ ਦਾ ਸਮਰਥਨ
ਸੋਨੀਆ ਗਾਂਧੀ (ਕਾਂਗਰਸ਼), ਸ਼ਰਦ ਪਵਾਰ (ਐਨਸੀਪੀ), ਐਮਕੇ ਸਟਾਲਿਨ(ਡੀਐਮਕੇ), ਤੇਜੱਸਵੀ ਯਾਦਵ(ਰਾਜਦ), ਫਾਰੁਕ ਅਬਦੁੱਲਾ(ਐਨਸੀ), ਅਖਿਲੇਸ਼ ਯਾਦਵ(ਐਸਪੀ), ਸੀਤਾਰਾਮ ਯੇਚੁਰੀ(ਸੀਪੀਐਮ), ਡੀ ਰੀਜੀ(ਸੀਪੀਆਈ), ਦੀਪਾਂਕਰ ਭੱਟਾਚਾਰਿਆ(ਮਾਲੇ), ਦੇਬਬ੍ਰਤ ਬਿਸਵਾਸ (ਫਾਰਵਰਡ ਬਲਾਕ), ਮਨੋਜ ਭੱਟਾਚਾਰਿਆ (ਆਰਐਸਪੀ) ਨੇ ਬਿਆਨ ਜਾਰੀ ਕਰ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ।
ਟੈਕਸੀ ਅਤੇ ਕੈਬ ਸੰਘ ਦਾ ਸਮਰਥਨ
ਕੁੱਝ ਟੈਕਸੀ ਅਤੇ ਕੈਬ ਸੰਘਾਂ ਨੇ ਵੀ ਇੱਕ ਦਿਨ ਦੀ ਹੜਤਾਲ 'ਚ ਭਾਗ ਲੈਣ ਦਾ ਸਮਰਥਨ ਕੀਤਾ ਹੈ। ਕਾਰੋਬਾਰੀਆਂ ਦਾ ਇੱਕ ਸਮੂਹ ਵੀ ਕਿਸਾਨਾਂ ਦੀ ਮੰਗ ਦਾ ਸਮਰਥਨ ਕਰ ਰਿਹਾ ਹੈ, ਜਿਸ ਕਾਰਨ ਵੱਡੀ ਸਬਜ਼ੀ ਮੰਡੀਆਂ 'ਚ ਕੰਮ ਨਾ ਹੋਣ ਕਾਰਨ ਮੁਸ਼ਕਲ ਹੋ ਸਕਦੀ ਹੈ।
ਬੰਦ ਰਹਿ ਸਕਦੀਆਂ ਹਨ ਮੰਡੀਆਂ
ਅਨਾਜਪੁਰ ਮੰਡੀ ਦੇ ਮੁਖੀ ਆਦਿਲ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਾਰੋਬਾਰੀ ਸੰਘ ਨੇ ਮੰਗਲਵਾਰ ਦੀ ਹੜਤਾਲ ਨੂੰ ਲੈ ਕੇ ਫੋਨ ਕੀਤਾ। ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਭੋਜਨ ਦੇਣ ਵਾਲੇ ਕਿਸਾਨਾਂ ਦਾ ਸਮਰਥਨ ਕਰਨ।
ਬੈਂਕਿੰਗ ਸੇਵਾਵਾਂ ਰਹਿਣਗੀਆਂ ਜਾਰੀ
ਬੈਂਕ ਸੰਗਠਨਾਂ ਦਾ ਇੱਕ ਧੜਾ ਕਿਸਾਨਾਂ ਦੇ ਸਮਰਥਨ 'ਚ ਹੈ ਪਰ ਬੈਂਕ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਮਹਾਰਾਸ਼ਟਰ 'ਚ ਵਸ਼ੀ ਐਗਰੀਕਲਚਰ ਪ੍ਰੋਡਿਯੂਸ ਮਾਰਕਿਟ ਬੰਦ ਰਹੇਗੀ। ਮੁੰਬਈ 'ਚ ਫਲਾਂ ਅਤੇ ਦੁੱਧ ਦੀਆਂ ਸੇਵਾਵਾਂ ਪ੍ਰਭਾਵਿਤ ਰਹਿ ਸਕਦੀਆਂ ਹਨ।
ਸਭ ਤੋਂ ਵੱਧ ਕਿੱਥੇ ਰਹੇਗਾ ਬੰਦ ਦਾ ਅਸਰ
ਭਾਰਤ ਬੰਦ ਦਾ ਸਭ ਤੋਂ ਵੱਡਾ ਅਸਰ ਪੰਜਾਬ, ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ, ਅਸਮ ਅਤੇ ਤ੍ਰਿਪੁਰਾ 'ਚ ਦਿਖ ਸਕਦਾ ਹੈ।