ਸੋਨੀਪਤ: ਖੇਤੀ ਕਾਨੂੰਨਾਂ ਨੂੰ ਲੈ ਕੇ ਸਿੰਘੂ ਬਾਰਡਰ ਉੱਤੇ ਦੇਸ਼ ਭਰ ਦੇ ਕਿਸਾਨ ਅੰਦੋਨਲ ਕਰ ਰਹੇ ਹਨ। ਵੱਡੀ ਗਿਣਤੀ 'ਚ ਧਰਨੇ 'ਤੇ ਬੈਠੇ ਕਿਸਾਨ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਵਿਚਾਲੇ ਸਿੰਘੂ ਬਾਰਡਰ 'ਤੇ ਧਰਨੇ 'ਚ ਸ਼ਾਮਲ ਇੱਕ ਕਿਸਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।
ਕਿਸਾਨਾਂ ਦੇ ਧਰਨੇ ‘ਚ ਬੀਤੀ ਦੇਰ ਰਾਤ ਰਾਤ ਇੱਕ ਤੇਜ਼ ਰਫਤਾਰ ਕਾਰ ਡਰਾਈਵਰ ਨੇ ਇੱਕ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕਾਰ ਡਰਾਈਵਰ ਸਣੇ ਟਰਾਲੀ 'ਚ ਸੁੱਤੇ ਪਏ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਾਰ ਡਰਾਈਵਰ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ ਤੇ ਮ੍ਰਿਤਕ ਕਿਸਾਨ ਦੀ ਪਛਾਣ ਸੁਰਿੰਦਰ ਕਾਲਾ ਵਜੋਂ ਹੋਈ ਹੈ ਜੋ ਕਿ ਪੰਜਾਬ ਦਾ ਵਸਨੀਕ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਹਾਦਸੇ ਦੀ ਸੂਚਨਾ ਮਿਲਦੇ ਹੀ ਕੁੰਡਲੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਦੋਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਹਸਪਤਾਲ 'ਚ ਭੇਜ ਦਿੱਤਾ ਹੈ। ਕੁੰਡਲੀ ਥਾਣੇ ਦੇ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਇੱਕ ਹਾਦਸੇ ਵਿੱਚ ਕਿਸਾਨ ਤੇ ਚਾਲਕ ਦੋਹਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।