ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬਲਰਾਮਪੁਰ 'ਚ ਆਈਐਸਆਈਐਸ ਦੇ ਸ਼ੱਕੀ ਅੱਤਵਾਦੀ ਅੱਬੂ ਯੂਸਫ ਦੇ ਘਰੋਂ ਇੱਕ ਫਿਦਾਈਨ ਹਮਲੇ 'ਚ ਇਸਤੇਮਾਲ ਕੀਤੀ ਜਾਣ ਵਾਲੀ ਇੱਕ ਜੈਕੇਟ ਸਣੇ ਭਾਰੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਜੈਕਟ ਨੂੰ ਵਿਸ਼ੇਸ਼ ਤੌਰ 'ਤੇ ਫਿਦਾਈਨ ਹਮਲੇ ਲਈ ਤਿਆਰ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਮੁੱਠਭੇੜ ਤੋਂ ਬਾਅਦ ਧੌਲਾ ਕੂਆਂ ਇਲਾਕੇ ਤੋਂ ਇਸਲਾਮਿਕ ਸਟੇਟ (ਆਈਐਸ) ਦੇ ਸ਼ੱਕੀ ਅੱਤਵਾਦੀ ਅੱਬੂ ਯੂਸਫ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵੱਲੋਂ ਪੁੱਛਗਿੱਛ ਦੇ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਉਹ ਦਿੱਲੀ ਤੇ ਉੱਤਰ ਪ੍ਰਦੇਸ਼ 'ਚ ਹਮਲੇ ਦੀ ਸਾਜ਼ਿਸ ਤਿਆਰ ਕਰ ਰਿਹਾ ਸੀ। ਉਹ ਅਯੁੱਧਿਆ 'ਚ ਬਣਨ ਵਾਲੇ ਰਾਮ ਮੰਦਰ ਨੂੰ ਨਿਸ਼ਾਨਾ ਬਣਾਉਣ ਵਾਲੇ ਸਨ।
ਅੱਬੂ ਯੂਸਫ਼ ਬਲਰਾਮਪੁਰ ਦਾ ਵਸਨੀਕ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਕ ਉਹ ਇੱਥੇ ਸਥਿਤ ਇੱਕ ਕਬਰਸਤਾਨ 'ਚ ਬੰਬ ਬਣਾਉਣ ਦੀ ਪ੍ਰੈਕਟਿਸ ਵੀ ਕਰਦਾ ਸੀ।
ਇਸ ਤੋਂ ਪਹਿਲਾਂ ਰਾਜਧਾਨੀ ਲਖਨਊ ਤੋਂ ਅੱਤਵਾਦੀ ਅੱਬੂ ਯੂਸਫ ਦੇ ਰਿਸ਼ਤੇਦਾਰ ਮਜ਼ਹਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਤੋਂ ਗ੍ਰਿਫ਼ਤਾਰ ਅੱਤਵਾਦੀ ਅੱਬੂ ਯੂਸਫ਼ ਦੀ ਪੁੱਛਗਿੱਛ ਦੇ ਅਧਾਰ 'ਤੇ ਪਿਤਾ ਸਣੇ ਤਿੰਨ ਹੋਰਨਾਂ ਲੋਕਾਂ ਨੂੰ ਏਟੀਐਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਜ਼ਹਰ ਅੱਤਵਾਦੀ ਯੂਸਫ ਦਾ ਰਿਸ਼ਤੇਦਾਰ ਹੈ। ਪੁਲਿਸ ਨੇ ਉਸ ਨੂੰ ਫਿਰਦੌਸ ਕਲੋਨੀ ਦੁਬੱਗਾ ਤੋਂ ਗ੍ਰਿਫ਼ਤਾਰ ਕੀਤਾ ਹੈ।
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ ਅਲਰਟ ਜਾਰੀ ਕੀਤਾ ਗਿਆ ਹੈ। ਬੀਤੀ ਰਾਤ ਦਰਜਨ ਤੋਂ ਵੱਧ ਥਾਵਾਂ ਤੋਂ ਏਟੀਐਸ ਤੇ ਪੁਲਿਸ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਦਰਜਨ ਤੋਂ ਵੱਧ ਲੋਕ ਏਟੀਐਸ ਦੇ ਰਾਡਾਰ 'ਤੇ ਹਨ।