ਨਵੀਂ ਦਿੱਲੀ: ਦਿੱਲੀ ਵਿਗਿਆਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਚੌਥੀ ਬੈਠਕ ਲਗਭਗ 8 ਘੰਟੇ ਚੱਲੀ ਜਿਸ ਤੋਂ ਬਾਅਦ ਵੀ ਕੋਈ ਠੋਸ ਨਤੀਜਾ ਨਜ਼ਰ ਨਹੀਂ ਆਇਆ। ਪਰ ਇਸ ਬੈਠਕ ਵਿੱਚ ਇੱਕ ਚੀਜ ਸਾਹਮਣੇ ਆਈ ਕਿ ਹੁਣ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਲਈ ਤਿਆਰ ਹੋ ਗਈ ਹੈ ਪਰ ਕਿਸਾਨ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲਵੇ।
ਬੈਠਕ ਤੋਂ ਬਾਅਦ ਈ.ਟੀ.ਵੀ. ਭਾਰਤ ਨਾਲ ਐਕਸਕਲੂਸਿਵ ਗੱਲਬਾਤ ਵਿੱਚ ਪੰਜਾਬ ਕਿਸਾਨ ਯੂਨੀਅਨ ਮਾਨਸਾ ਦੇ ਪ੍ਰੈਜ਼ੀਡੈਂਟ ਰੁਲਦੂ ਸਿੰਘ ਨੇ ਕਿਹਾ ਕਿ ਇਹ ਬੈਠਕ ਵੀ ਖੋਦਿਆ ਪਹਾੜ ਅਤੇ ਨਿਕਲਿਆ ਚੂਹਾ ਵਾਲੀ ਕਹਾਵਤ ਵਾਂਗੂੰ ਰਹਿ ਗਈ। ਸਰਕਾਰ ਕਿਸਾਨ ਜਥੇਬੰਦੀਆਂ ਨੂੰ ਸਮਝਾਉਂਦੀ ਰਹੀ ਅਤੇ ਕਿਸਾਨ ਸਰਕਾਰ ਨੂੰ ਆਪਣਾ ਪੱਖ ਸਮਝਾਉਂਦੇ ਰਹੇ। ਅਖੀਰ ਨੂੰ ਸਰਕਾਰ ਕੁੱਝ ਸੋਧਾਂ ਲਈ ਰਜ਼ਾਮੰਦ ਹੋਈ ਪਰ ਕਿਸਾਨ ਚਾਹੁੰਦੇ ਹਨ ਕਿ ਸਾਰੇ ਕਾਨੂੰਨ ਵਾਪਿਸ ਹੋਣ।
ਰੁਲਦੂ ਸਿੰਘ ਨੇ ਰੇਲ ਮੰਤਰੀ ਪਿਊਸ਼ ਗੋਇਲ ਦੇ ਵਤੀਰੇ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਨਹੀਂ ਆਉਂਦੀ ਅਤੇ ਉਨ੍ਹਾਂ ਦਾ ਇਸ ਬੈਠਕ ਵਿੱਚ ਹੋਣਾ ਜ਼ਰੂਰੀ ਹੈ ਹੀ ਨਹੀਂ। ਇਸ ਬੈਠਕ ਵਿੱਚ ਸਰਕਾਰ ਛੋਟੇ ਮੰਤਰੀਆਂ ਨੂੰ ਭੇਜ ਰਹੀ ਹੈ ਜਦੋਂ ਕਿ ਇਸ ਵਿੱਚ ਅਮਿਤ ਸ਼ਾਹ ਰਾਜਨਾਥ ਸਿੰਘ ਨੂੰ ਆਉਣਾ ਚਾਹੀਦਾ ਹੈ ਤਾਂ ਕਿ ਇਹ ਬੈਠਕਾਂ ਲੰਬੀਆਂ ਨਾ ਖਿੱਚੀਆਂ ਜਾਣ ਅਤੇ ਇਸ ਦਾ ਕੋਈ ਹੱਲ ਨਿਕਲ ਕੇ ਆਵੇ। ਸਰਕਾਰ ਅਤੇ ਕਿਸਾਨ ਦੋਨੋਂ ਇਸ ਦਾ ਹੱਲ ਚਾਹੁੰਦੇ ਹਨ।
ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਅਗਲੀ ਬੈਠਕ ਪੰਜ ਦਸੰਬਰ ਸ਼ਨੀਵਾਰ ਨੂੰ ਰੱਖੀ ਗਈ ਹੈ ਅਤੇ ਉਸ ਤੋਂ ਪਹਿਲਾਂ ਕਿਸਾਨ ਸ਼ੁੱਕਰਵਾਰ ਨੂੰ ਆਪਣੀ ਬੈਠਕ ਕਰਨਗੇ। ਇਸ ਬੈਠਕ ਵਿੱਚ ਕਿਸਾਨ ਜਥੇਬੰਦੀਆਂ ਨੇ ਆਪਣਾ 50 ਤੋਂ ਉੱਪਰ ਪੁਆਇੰਟਸ ਦਾ ਇੱਕ ਖਰੜਾ ਕੇਂਦਰ ਸਰਕਾਰ ਅੱਗੇ ਪੇਸ਼ ਕੀਤਾ ਜਿਸ ਤੋਂ ਉਨ੍ਹਾਂ ਨੂੰ ਖਦਸ਼ੇ ਹਨ। ਇਸ ਬੈਠਕ ਵਿੱਚ ਅੱਜ ਕਿਸਾਨ ਆਪਣੀ ਰੋਟੀ ਚਾਹ ਅਤੇ ਪਾਣੀ ਦਾ ਇੰਤਜ਼ਾਮ ਵੀ ਆਪਣੇ ਨਾਲ ਕਰ ਕੇ ਆਏ ਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਦੁਪਹਿਰ ਦਾ ਭੋਜਨ ਚਾਹ ਜਾਂ ਰਾਤ ਦੀ ਰੋਟੀ ਖਾਣ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ। ਵੀਰਵਾਰ ਦੀ ਇਸ ਬੈਠਕ ਵਿੱਚ 40 ਤੋਂ ਵੱਧ ਕਿਸਾਨ ਆਗੂਆਂ ਨੇ ਹਿੱਸਾ ਲਿਆ।