ਚੰਡੀਗੜ੍ਹ: ਰੋਹਤਕ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਖੇਤੀ ਕਰਨ ਲਈ 42 ਦਿਨ ਦੀ ਮੰਗੀ ਹੋਈ ਪੈਰੋਲ 'ਤੇ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਬਿਆਨ ਦਿੱਤਾ ਹੈ। ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਹੈ ਕਿ ਕਿਸੇ ਵੀ ਕੈਦੀ ਨੂੰ ਦੋ ਸਾਲ ਬਾਅਦ ਪੈਰੋਲ ਲੈਣ ਦਾ ਹੱਕ ਹੈ। ਗੁਰਮੀਤ ਰਾਮ ਰਹੀਮ ਨੇ ਅਪੀਲ ਕੀਤੀ ਸੀ, ਜਿਸ 'ਤੇ ਜੇਲ੍ਹ ਸੁਪਰਡੈਂਟ ਨੇ ਜ਼ਿਲਾ ਪ੍ਰਸ਼ਾਸਨ ਤੋਂ ਲਿਖ ਕੇ ਪੈਰੋਲ ਸਬੰਧੀ ਜਵਾਬ ਮੰਗਿਆ ਹੈ। ਹੁਣ ਰਾਮ ਰਹੀਮ ਦੀ ਪੈਰੋਲ 'ਤੇ ਫ਼ੈਸਲਾ ਲੈਣ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦਾ ਹੋਵੇਗਾ।
ਭਾਜਪਾ ਆਗੂ ਅਨਿਲ ਵਿਜ ਨੇ ਰਾਮ ਰਹੀਮ ਦੀ ਮੰਗੀ ਹੋਈ ਪੈਰੋਲ 'ਤੇ ਕਿਹਾ ਕਿ ਹਰ ਕੈਦੀ ਨੂੰ 2 ਸਾਲ ਤੋਂ ਬਾਅਦ ਪੈਰੋਲ ਲੈਣ ਦਾ ਹੱਕ ਹੈ। ਉਸ ਤੋਂ ਬਾਅਦ ਜੋ ਪ੍ਰਕਿਰਿਆ ਆਮ ਕੈਦੀ 'ਤੇ ਅਪਣਾਈ ਜਾਂਦੀ ਹੈ ਉਹ ਹੀ ਰਾਮ ਰਹੀਮ 'ਤੇ ਅਪਣਾਈ ਜਾਵੇਗੀ।
ਦੱਸਣਯੋਗ ਹੈ ਕਿ ਰਾਮ ਰਹੀਮ ਨੇ ਖੇਤੀ ਲਈ ਪੈਰੋਲ ਦੀ ਅਪੀਲ ਕੀਤੀ ਸੀ। ਜੇਲ੍ਹ ਸੁਪਰਡੈਂਟ ਨੇ ਸਿਰਸਾ ਦੇ ਜ਼ਿਲਾ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖ ਕੇ ਪੁੱਛਿਆ ਸੀ ਕਿ ਕੈਦੀ ਗੁਰਮੀਤ ਸਿੰਘ ਨੂੰ ਪੈਰੋਲ ਦੇਣਾ ਕਿ ਸਹੀ ਹੈ? ਪੱਤਰ 'ਚ ਦੱਸਿਆ ਗਿਆ ਸੀ ਕਿ ਰਾਮ ਰਹੀਮ ਸੀਬੀਆਈ ਕੋਰਟ ਦੁਆਰਾ ਜਿਨਸੀ ਸ਼ੋਸ਼ਣ ਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ।
ਰਾਮ ਰਹੀਮ 'ਤੇ 2 ਹੋਰ ਮਾਮਲੇ ਲੰਬਿਤ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਸੀ। ਹਾਲਾਂਕਿ, ਚਿੱਠੀ ਵਿੱਚ ਦੱਸਿਆ ਗਿਆ ਸੀ ਕਿ ਕੈਦੀ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਵਿੱਚ ਚਰਿੱਤਰ ਠੀਕ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਫ਼ੈਸਲਾ ਕਰੇਗਾ ਕਿ ਰਾਮ ਰਹੀਮ ਦੀ ਪੈਰੋਲ ਦੀ ਸਿਫਾਰਸ਼ ਕਰਨੀ ਚਾਹੀਦੀ ਹੈ ਜਾਂ ਨਹੀਂ।
ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਰਾਮ ਰਹੀਮ
ਜਨਵਰੀ ਵਿੱਚ ਸੀਬੀਆਈ ਦੀ ਵਿਸ਼ੇਸ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲੇਆਮ ਵਿੱਚ ਗੁਰਮੀਤ ਰਾਮ ਰਹੀਮ ਸਮੇਤ ਚਾਰ ਲੋਕਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜੱਜ ਜਗਦੀਪ ਸਿੰਘ ਦੀ ਅਦਾਲਤ ਵੱਲੋਂ ਫ਼ੈਸਲਾ ਦਿੱਤਾ ਗਿਆ ਸੀ ਕਿ ਇਹ ਸਜ਼ਾ ਸਾਧਵੀ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ 20 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਰਾਮ ਰਹੀਮ ਦੀ ਇਹ ਸਜ਼ਾ ਸ਼ੁਰੂ ਹੋਵੇਗੀ। ਸਾਰੇ ਦੋਸ਼ੀਆਂ 'ਤੇ 50 ਹਜ਼ਾਰ ਜੁਰਮਾਨਾ ਲਗਾਇਆ ਗਿਆ ਸੀ।