ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਭ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ 7 ਸਾਲ ਪਹਿਲਾਂ ਨਿਰਭਯਾ ਮਾਮਲਾ ਸਾਹਮਣੇ ਆਇਆ ਸੀ ਜਿਸ ਨਾਲ ਦੇਸ਼ ਦਾ ਹਰ ਇੱਕ ਵਿਅਕਤੀ ਪ੍ਰਭਾਵਿਤ ਹੋਇਆ। ਹਰ ਕੋਈ ਨਿਰਭਯਾ ਨਾਲ ਵਾਪਰੀ ਗੈਂਗ ਰੇਪ ਦੀ ਘਟਨਾ ਤੇ ਕਤਲ ਦੀ ਨਿੰਦਾ ਕਰਦੇ ਹੋਏ, ਦੋਸ਼ੀਆਂ ਉੱਤੇ ਹੋਣ ਵਾਲੇ ਫ਼ੈਸਲੇ ਦੀ ਉਡੀਕ ਕਰ ਰਿਹਾ ਸੀ। ਅੱਜ ਉਹ ਦਿਨ ਆਇਆ ਜਦੋਂ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਉੱਤੇ ਲਟਕਾਇਆ ਗਿਆ। ਨਿਰਭਯਾ ਦੇ ਮਾਤਾ-ਪਿਤਾ ਇਸ ਤੋਂ ਬਹੁਤ ਖੁਸ਼ ਹਨ।
ਬੇਟੀ ਨਾਲ ਹੋਈ ਦਰਿੰਦਗੀ ਦਾ ਮਿਲਿਆ ਇਨਸਾਫ਼
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਨਿਰਭਯਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨਾਲ ਦਰਿੰਦਗੀ ਹੋਈ ਸੀ ਜਿਸ ਨਾਲ ਅਸੀਂ ਹੀ ਨਹੀਂ, ਪੂਰਾ ਦੇਸ਼ ਰੋਸ ਵਿੱਚ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਦੇਰ ਨਾਲ ਇਨਸਾਫ਼ ਮਿਲਿਆ ਹੈ, ਪਰ ਹੁਣ ਅਸੀਂ ਖੁਸ਼ ਹਾਂ ਕਿ ਆਖ਼ਰਕਾਰ ਚਾਰੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਨਿਰਭਯਾ ਨਾਲ ਹੋਈ ਦਰਿੰਦਗੀ ਵਿਰੁੱਧ ਲੜਾਈ ਲੜੀ ਜਿਸ ਤੋਂ ਬਾਅਦ ਅੱਜ ਸਫਲਤਾ ਮਿਲੀ ਹੈ।
ਸੱਚ ਨੂੰ ਝੂਠ 'ਚ ਬਦਲਣ ਦੀ ਕੋਸ਼ਿਸ਼ 'ਚ ਲੱਗੇ ਰਹੇ ਏਪੀ ਸਿੰਘ
ਨਿਰਭਯਾ ਦੀ ਮਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਨੂੰਨ ਦੀ ਦੁਰਵਰਤੋਂ ਕਰ ਕੇ ਇਸ ਮਾਮਲੇ ਨੇ ਇੰਨੇ ਸਾਲ ਤੱਕ ਲਟਕਾਇਆ ਗਿਆ, ਉਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਏਪੀ ਸਿੰਘ ਲਗਾਤਾਰ ਸੱਚ ਨੂੰ ਝੂਠ ਵਿੱਚ ਬਦਲਣ ਦੀ ਕੋਸ਼ਿਸ਼ਾਂ ਵਿੱਚ ਲੱਗੇ ਰਹੇ ਸਨ, ਪਰ ਆਖ਼ੀਰ ਸੱਚਾਈ ਦੀ ਹੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਾਨੂੰਨ ਦੀ ਦੁਰਵਰਤੋਂ ਕਰ ਰਹੇ ਹਨ, ਉਨ੍ਹਾਂ ‘ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਨਿਆਂ ਲਈ ਜੂਝ ਰਹੀਆਂ ਬੇਟੀਆਂ ਨੂੰ ਦਰ ਦਰ ਤੋਂ ਠੋਕਰਾਂ ਨਾ ਖਾਣੀਆਂ ਪਵੇ।
ਕਾਨੂੰਨ ਵਿਵਸਥਾ ਬਦਲਣ ਦੀ ਲੋੜ
ਕਾਨੂੰਨ ਵਿਵਸਥਾ ਨੂੰ ਬਦਲਣ ਦੀ ਜ਼ਰੂਰਤ ਹੈ, ਇਹ ਕਹਿਣਾ ਹੈ ਨਿਰਭਯਾ ਦੀ ਮਾਂ ਦਾ। ਉਨ੍ਹਾਂ ਕਿਹਾ ਕਿ ਨਿਰਭਯਾ ਮਾਮਲੇ ਵਰਗੇ ਵੱਡੇ ਕੇਸ ਨੂੰ ਇਨਸਾਫ਼ ਮਿਲਣ 'ਚ 7 ਸਾਲ ਲੱਗ ਗਏ, ਇਸ ਲਈ ਅਜਿਹੇ ਸਿਸਟਮ ਨੂੰ ਬਦਲਣ ਦੀ ਲੋੜ ਹੈ। ਪਰ, ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਆਖ਼ੀਰ ਵਿੱਚ ਸੱਚ ਹੀ ਜਿੱਤੇਗਾ।
ਪਿਤਾ ਨੇ ਕਿਹਾ- 'ਸਭ ਦਾ ਸਾਥ ਮਿਲਿਆ'
ਨਿਰਭਯਾ ਦੇ ਪਿਤਾ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਸਾਡਾ ਨਹੀਂ ਸੀ, ਬਲਕਿ ਪੂਰੇ ਦੇਸ਼ ਦਾ ਸੀ। ਪੂਰੀ ਤਰ੍ਹਾਂ ਇਨਸਾਫ਼ ਮਿਲਣ ਤੱਕ ਪੂਰਾ ਦੇਸ਼ ਸਾਡੇ ਨਾਲ ਰਿਹਾ। ਉਨ੍ਹਾਂ ਕਿਹਾ ਕਿ "ਜੇਕਰ, ਦੇਸ਼ ਸਾਡੇ ਨਾਲ ਨਾ ਖੜਾ ਹੁੰਦਾ, ਤਾਂ ਸ਼ਾਇਦ ਸਾਨੂੰ ਨਿਆਂ ਨਾ ਮਿਲਦਾ। ਇਸ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।"
ਫਿਲਹਾਲ ਪਿਛਲੇ ਸੱਤ ਸਾਲਾਂ ਤੋਂ ਚੱਲ ਰਹੇ ਨਿਰਭਯਾ ਕੇਸ ਦੀ ਸੁਣਵਾਈ ਆਖਰਕਾਰ ਪੂਰੀ ਹੋ ਗਈ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਏ ਮੌਤ ਦਿੱਤੀ ਗਈ ਹੈ। ਹਾਲਾਂਕਿ, ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਲੜਾਈ ਤਾਂ ਖ਼ਤਮ ਹੋ ਗਈ ਹੈ, ਪਰ ਅਜੇ ਤੱਕ ਉਨ੍ਹਾਂ ਧੀਆਂ ਨੂੰ ਨਿਆਂ ਮਿਲਣਾ ਬਾਕੀ ਹੈ, ਜੋ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਈਆਂ ਹਨ।
ਇਹ ਵੀ ਪੜ੍ਹੋ:ਰਾਜਸਥਾਨ ਵਿੱਚ ਇਟਲੀ ਦੇ ਨਾਗਰਿਕ ਦੀ ਮੌਤ, ਕੋਰੋਨਾ ਦੀ ਪੁਸ਼ਟੀ ਬਾਕੀ