ਨਵੀਂ ਦਿੱਲੀ: ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਦੇ ਤਿਹਾੜ ਜੇਲ੍ਹ ਵਿੱਚ ਬੰਦ ਪਿਤਾ ਅਜੇ ਚੌਟਾਲਾ ਨੂੰ ਪੈਰੋਲ ਮਿਲ ਗਈ ਹੈ। ਸਮਾਚਾਰ ਏਜੰਸੀ ਏ.ਐਨ.ਆਈ ਨੇ ਤਿਹਾੜ ਜੇਲ੍ਹ ਦੇ ਡੀਜੀ ਦੇ ਹਵਾਲੇ ਨਾਲ ਕਿਹਾ, ‘ਅਜੇ ਚੌਟਾਲਾ ਨੂੰ ਪੈਰੋਲ ਦਿੱਤੀ ਗਈ ਹੈ। ਉਹ ਅੱਜ ਸ਼ਾਮ ਜਾਂ ਕੱਲ੍ਹ ਸਵੇਰੇ ਜੇਲ੍ਹ ਤੋਂ ਬਾਹਰ ਆਉਣਗੇ। ਉਨ੍ਹਾਂ ਨੂੰ 2 ਹਫ਼ਤਿਆਂ ਦਾ ਪੈਰੋਲ ਦਿੱਤਾ ਗਿਆ ਹੈ। ਇਹ ਛੁੱਟੀਆਂ ਕੈਦੀਆਂ ਨੂੰ ਸਹੀ ਕਾਰਨ ਦੱਸਣ ਤੋਂ ਬਾਅਦ ਹੀ ਦਿੱਤੀ ਜਾਂਦੀ ਹੈ।
ਇਸ ਦੇ ਨਾਲ ਹੀ, ਅਜੇ ਚੌਟਾਲਾ ਦੇ ਬੇਟੇ ਦੁਸ਼ਯੰਤ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ ਨਾਲ ਗੱਠਜੋੜ ਕਰਦੇ ਹੋਏ, ਭਾਜਪਾ ਹਰਿਆਣਾ ਵਿੱਚ ਨਵੀਂ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੇਜੇਪੀ ਨੇ 90 ਮੈਂਬਰੀ ਵਿਧਾਨ ਸਭਾ ਵਿੱਚ 10 ਸੀਟਾਂ ਜਿੱਤੀਆਂ ਹਨ।
ਸੱਤਾਧਾਰੀ ਭਾਜਪਾ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਜੇਜੇਪੀ ਨੂੰ ਦਿੱਤਾ ਹੈ। ਇਸ ਤੋਂ ਪਹਿਲਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਕਰਵਾਈ ਗਈ, ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਦੀ ਪਾਰਟੀ ਨਾਲ ਸੰਬੰਧਤ ਹੋਣਗੇ ਅਤੇ ਉਪ ਮੁੱਖ ਮੰਤਰੀ ਦਾ ਅਹੁਦਾ ਖੇਤਰੀ ਪਾਰਟੀ ਨੂੰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਅਜੇ ਚੌਟਾਲਾ ਹਰਿਆਣਾ ‘ਚ ਜੂਨੀਅਰ ਬੇਸਿਕ ਟ੍ਰੈਂਡ (ਜੇਬੀਟੀ) ਟੀਚਰ ਘੋਟਾਲਾ ਮਾਮਲੇ ‘ਚ ਜੇਲ੍ਹ ਗਏ ਸੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਈਨੇਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਜੇ ਚੌਟਾਲਾ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ 10-10 ਸਾਲ ਦੀ ਸਜ਼ਾ ਸੁਣਾਈ ਸੀ। ਇਸ ਘੁਟਾਲੇ ‘ਚ ਕੁੱਲ 55 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।