ਮੁੰਬਈ: ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਨੇ ਗੋਰਖਪੁਰ ਦੇ ਡਾਕਟਰ ਕਫੀਲ ਖ਼ਾਨ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਕਫੀਲ ਉੱਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ।
ਦਰਅਸਲ ਪਿਛਲੇ ਸਾਲ 12 ਦਸੰਬਰ ਨੂੰ ਉਨ੍ਹਾਂ ਏਐਮਯੂ ਵਿੱਚ ਭਾਸ਼ਣ ਦਿੱਤਾ ਸੀ। 13 ਦਸੰਬਰ ਨੂੰ ਉਨ੍ਹਾਂ ਵਿਰੁੱਧ ਅਲੀਗੜ੍ਹ ਦੇ ਸਿਵਲ ਲਾਈਨਸ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਐਸਟੀਐਫ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ। ਅਜਿਹੀ ਜਾਣਕਾਰੀ ਹੈ ਕਿ ਹੁਣ STF ਉਸ ਨੂੰ ਲਖਨਊ ਲੈ ਗਈ ਹੈ।
ਇਹ ਵੀ ਪੜ੍ਹੋ: ਮੁਸਲਿਮ ਔਰਤਾਂ ਨੂੰ ਮਸਜਿਦ 'ਚ ਨਮਾਜ਼ ਅਦਾ ਕਰਨ ਦੀ ਆਗਿਆ: AIMPLB
ਜਾਣਕਾਰੀ ਮੁਤਾਬਕ ਡਾ. ਕਫੀਲ ਖ਼ਾਨ ਵਿਰੁੱਧ ਐਫਆਈਆਰ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਨ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਲਗਭਗ 600 ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਸੀਏਏ ਨੂੰ ਲੈ ਕੇ ਭੜਕਾਊ ਭਾਸ਼ਣ ਦਿੱਤਾ ਸੀ।
ਮੁੰਬਈ ਸਥਿਤ ਮੁੰਬਈ ਬਾਗ ਵਿੱਚ ਸੀਏਏ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਉੱਤੇ ਹਨ। ਕਫੀਲ ਖ਼ਾਨ ਨੇ ਵੀਰਵਾਰ ਨੂੰ ਪ੍ਰਦਰਸ਼ਨ ਵਾਲੀ ਥਾਂ ਜਾਣਾ ਸੀ ਪਰ ਇਸ ਤੇਂ ਪਹਿਲਾਂ ਹੀ ਯੂਪੀ STF ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।