ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਪਲਾਜ਼ਮਾ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ। ਏਮਜ਼ ਅਤੇ ਦਿੱਲੀ ਪੁਲਿਸ ਨੇ ਮਿਲ ਕੇ ਇਸ ਮੁਹਿੰਮ ਦਾ ਆਯੋਜਨ ਕੀਤਾ ਹੈ। ਇਸ ਮੌਕੇ ਕੋਵਿਡ-19 ਮਹਾਂਮਾਰੀ 'ਤੇ ਜਿੱਤ ਹਾਸਲ ਕਰਨ ਵਾਲੇ ਦਿੱਲੀ ਪੁਲਿਸ ਦੇ 26 ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਕੀਤਾ।
ਇਸ ਮੌਕੇ ਡਾ. ਹਰਸ਼ਵਰਧਨ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਉੱਚੀ ਹੋਣ ਦੇ ਬਾਵਜੂਦ ਸਿਹਤਮੰਦ ਲੋਕਾਂ ਵੱਲੋਂ ਪਲਾਜ਼ਮਾ ਦਾਨ ਕਰਨ ਵਾਲਿਆ ਦੀ ਗਿਣਤੀ ਨਹੀਂ ਵਧੀ।
ਹਰਸ਼ਵਰਧਨ ਨੇ ਆਖਿਆ ਕਿ ਇਹ ਬੇਹਦ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਦਿੱਲੀ ਪੁਲਿਸ ਦੇ ਇੱਕ ਦਰਜਨ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਦੇ ਬਾਵਜੂਦ ਦਿੱਲੀ ਪੁਲਿਸ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਮੁਲਾਜ਼ਮਾਂ ਨੂੰ ਤਾਇਨਾਤ ਕਰ ਬਹੁਤ ਵਧੀਆ ਕੰਮ ਕਰ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ, 'ਕੋਵਿਡ -19' ਤੇ ਸਾਡੀ ਜਿੱਤ ਵਿੱਚ ਹਰੇਕ ਦਾਨੀ ਮਹੱਤਵਪੂਰਣ ਹੈ ਅਤੇ ਸਾਨੂੰ ਇਸ ਮਹਾਂਮਾਰੀ ਨਾਲ ਲੜਨ ਲਈ ਵੱਧ ਤੋਂ ਵੱਧ ਪਲਾਜ਼ਮਾ ਯੋਧਿਆਂ ਦੀ ਲੋੜ ਹੈ ਉਦੋਂ ਤੱਕ ਜਦ ਤੱਕ ਕਿ ਇਸ ਦਾ ਨਿਸ਼ਚਤ ਇਲਾਜ ਜਾਂ ਟੀਕਾ ਵਿਕਸਤ ਨਹੀਂ ਹੁੰਦਾ।
ਉਨ੍ਹਾਂ ਕਿਹਾ, 'ਮੌਜੂਦਾ ਸਮੇਂ, ਇਸ ਹਾਈਜੀਨਿਕ ਪਲਾਜ਼ਮਾ ਥੈਰੇਪੀ ਨੂੰ ਹਮਦਰਦੀ ਨਾਲ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਪਲਾਜ਼ਮਾ ਦੀ ਉਪਲਬਧਤਾ ਨੂੰ 24 ਘੰਟੇ ਯਕੀਨੀ ਬਣਾਉਣ ਲਈ ਕਈ ਪਲਾਜ਼ਮਾ ਬੈਂਕ ਸਥਾਪਤ ਕੀਤੇ ਜਾ ਰਹੇ ਹਨ।'
ਦਿੱਲੀ ਪੁਲਿਸ ਦੇ ਇੱਕ ਮੁਲਾਜ਼ਮ ਓਮ ਪ੍ਰਕਾਸ਼ ਨੇ ਐਤਵਾਰ ਨੂੰ ਤੀਜੀ ਵਾਰ ਪਲਾਜ਼ਮਾ ਦਾਨ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਸੌਂਪੇ ਅਤੇ ਸਲਾਮੀ ਦਿੱਤੀ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਭਾਰਤ 'ਚ ਕੋਰੋਨਾ ਦੇ 3,73,379 ਐਕਟਿਵ ਕੇਸ ਹਨ। ਕੋਰੋਨਾ ਮਹਾਂਮਾਰੀ ਕਾਰਨ ਹੁਣ ਤੱਕ ਤਕਰੀਬਨ 27 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।