ਨਵੀਂ ਦਿੱਲੀ: ਰਾਜ ਸਭਾ ਦੇ ਸੰਸਦ ਮੈਂਬਰ ਕੇਟੀਐਸ ਤੁਲਸੀ ਨੇ ਕਿਹਾ ਕਿ ਉਹ ਨਿਰਭਿਆ ਗੈਂਗਰੇਪ ਤੇ ਕਤਲ ਮਾਮਲੇ 'ਚ ਦੋਸ਼ੀਆ ਦੇ ਹੱਕ 'ਚ ਸੀਨੀਅਰ ਵਕੀਲ ਇੰਦਰਾ ਜੈਸਿੰਘ ਵੱਲੋਂ ਦਿੱਤੇ ਬਿਆਨ 'ਤੇ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਚਰਿੱਤਰ ਵਾਲੇ ਲੋਕ ਜਿਉਣ ਲਾਇਕ ਨਹੀਂ ਹਨ।
ਸੀਨੀਅਰ ਵਕੀਲ ਕੇਟੀਐਸ ਤੁਲਸੀ ਨੇ ਕਿਹਾ ਕਿ ਸਾਡੇ ਦੇਸ਼ 'ਚ ਫਾਂਸੀ ਦੇਣ ਦਾ ਨਿਯਮ ਹੈ ਪਰ ਹੁਣ ਤੱਕ ਸਿਰਫ਼ ਚਾਰ ਦੋਸ਼ੀਆਂ ਨੂੰ ਹੀ ਫਾਂਸੀ ਦਿੱਤੀ ਗਈ। ਇਹ ਅਜਿਹਾ ਕੇਸ ਹੈ ਜਿਸ 'ਚ ਬਰਬਰਤਾ ਤੇ ਬਰਹਿਮੀ ਦੀਆਂ ਹੱਦਾਂ ਪਾਰ ਹੋ ਗਈਆਂ ਸਨ। ਉਨ੍ਹਾਂ ਕਿਹਾ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਲੋਕ ਜਿਉਣ ਲਾਇਕ ਹਨ ਤੇ ਇਨ੍ਹਾਂ ਦੀ ਕੋਈ ਉਦਾਹਰਨ ਪੇਸ਼ ਕਰਨ ਦੀ ਲੋੜ ਵੀ ਨਹੀਂ ਹੈ।
ਦੂਜੇ ਪਾਸੇ, ਬੀਜੇਪੀ ਦੀ ਆਗੂ ਸ਼ਾਜ਼ੀਆ ਇਲਮੀ ਨੇ ਕਿਹਾ ਕਿ ਇੰਦਰਾ ਜੈਸਿੰਘ ਦੇ ਬਿਆਨ ਬੇਹੱਦ ਦਰਦਨਾਕ ਤੇ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਜਾਣਦੇ ਹਾਂ ਕਿ ਲੋਕ ਇਨ੍ਹਾਂ ਦੀ ਬਲਾਤਕਾਰੀਆਂ ਦੀ ਸਜ਼ਾ-ਏ-ਮੌਤ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਨਿਰਭਿਆ ਦੀ ਮਾਂ ਨੂੰ ਦੋਸ਼ੀਆਂ ਨੂੰ ਮਾਫ਼ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਨਿਰਭਿਆ ਦੀ ਮਾਂ ਨੂੰ ਸੋਨੀਆ ਗਾਂਧੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਉਦਾਹਰਨ ਤੇ ਚੱਲਦੇ ਹੋਏ ਬਲਾਤਕਾਰੀਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।
ਇਸ 'ਤੇ ਨਿਰਭਿਆ ਦੀ ਮਾਂ ਨੇ ਸਖ਼ਤ ਪ੍ਰਤੀਕਰਮ ਦਿੱਤਾ ਸੀ ਤੇ ਕਿਹਾ ਸੀ ਕਿ ਮੈਨੂੰ ਸਲਾਹ ਦੇਣ ਵਾਲੀ ਇੰਦਰਾ ਜੈਸਿੰਘ ਕੌਣ ਹੁੰਦੀ ਹੈ? ਜਦਕਿ ਪੂਰਾ ਦੇਸ਼ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਸਿਰਫ਼ ਅਜਿਹੇ ਲੋਕਾਂ ਕਾਰਨ ਹੀ ਬਲਾਤਕਾਰੀ ਪੀੜ੍ਹਤਾਂ ਨੂੰ ਨਿਆਂ ਨਹੀਂ ਮਿਲ ਪਾਉਂਦਾ।