ਨਵੀਂ ਦਿੱਲੀ: ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਏਅਰ ਏਸ਼ੀਆ ਇੰਡੀਆ ਦੇ 2 ਅਧਿਕਾਰੀਆਂ, ਕੈਪਟਨ ਮਨੀਸ਼ ਉੱਪਲ ਅਤੇ ਕੈਪਟਨ ਮੁਕੇਸ਼ ਨੀਮਾ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।
ਡੀਜੀਸੀਏ ਨੇ ਕਿਹਾ ਕਿ ਅਪਰੇਸ਼ਨਾਂ ਦੇ ਮੁਖੀ ਕੈਪਟਨ ਮਨੀਸ਼ ਉੱਪਲ ਅਤੇ ਹਵਾਈ ਸੁਰੱਖਿਆ ਦੇ ਮੁਖੀ ਕੈਪਟਨ ਮੁਕੇਸ਼ ਨੀਮਾ ਨੂੰ 28 ਜੂਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਏਅਰ ਏਸ਼ੀਆ ਇੰਡੀਆ ਦੇ ਬੁਲਾਰੇ ਇਸ ਮਾਮਲੇ 'ਤੇ ਟਿੱਪਣੀ ਲਈ ਉਪਲਬਧ ਨਹੀਂ ਸਨ। 15 ਜੂਨ ਨੂੰ ਡੀਜੀਸੀਏ ਨੇ ਕਿਹਾ ਸੀ ਕਿ ਉਸ ਨੇ ਕੁਝ ਖਾਸ ਹਿੱਸੇਦਾਰਾਂ ਦੁਆਰਾ ਇੱਕ ਵਿਸ਼ੇਸ਼ ਏਅਰ ਲਾਈਨ ਦੇ ਵਿਰੁੱਧ ਉਠਾਈਆਂ ਚਿੰਤਾਵਾਂ ਦਾ ਨੋਟਿਸ ਲਿਆ ਹੈ।
ਗੌਰਵ ਤਨੇਜਾ, ਜਿਨ੍ਹਾਂ ਨੇ ਏਅਰ ਏਸ਼ੀਆ ਇੰਡੀਆ ਦੇ ਨਾਲ ਬਤੌਰ ਕਪਤਾਨ ਕੰਮ ਕੀਤਾ, ਨੇ ਡੀਜੀਸੀਏ ਕੋਲ ਸੁਰੱਖਿਆ ਪ੍ਰਤੀ ਚਿੰਤਾ ਜ਼ਾਹਰ ਕੀਤੀ ਸੀ। ਮੁਅੱਤਲ ਪਾਇਲਟ ਨੇ ਦੋਸ਼ ਲਾਇਆ ਸੀ ਕਿ ਏਅਰ ਲਾਈਨ ਨੇ ਆਪਣੇ ਪਾਇਲਟਾਂ ਨੂੰ "ਫਲੈਪ 3" ਮੋਡ ਵਿੱਚ 98 ਫ਼ੀਸਦੀ ਲੈਂਡਿੰਗ ਕਰਨ ਲਈ ਕਿਹਾ ਹੈ, ਜਿਸ ਨਾਲ ਇਹ ਬਾਲਣ ਦੀ ਬਚਤ ਹੋ ਸਕਦੀ ਹੈ।
ਤਨੇਜਾ ਨੇ ਕਿਹਾ ਸੀ ਕਿ ਜੇ ਇੱਕ ਪਾਇਲਟ "ਫਲੈਪ 3" ਮੋਡ ਵਿੱਚ 98 ਫੀਸਦੀ ਲੈਂਡਿੰਗ ਨਹੀਂ ਕਰਦਾ ਹੈ, ਤਾਂ ਏਅਰ ਲਾਈਨ ਇਸ ਨੂੰ ਆਪਣੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸਓਪੀ) ਦੀ ਉਲੰਘਣਾ ਮੰਨਦੀ ਹੈ। ਫਲੈਪ ਇੱਕ ਜਹਾਜ਼ ਦੇ ਖੰਭਾਂ ਦਾ ਹਿੱਸਾ ਹੁੰਦੇ ਹਨ ਅਤੇ ਉਹ ਲੈਂਡਿੰਗ ਜਾਂ ਟੇਕ-ਆਫ ਦੌਰਾਨ ਖਿੱਚ ਦੇਣ ਵਿੱਚ ਕੰਮ ਆਉਂਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਇੱਕ ਟਵੀਟ ਵਿੱਚ ਤਨੇਜਾ ਨੇ ਕਿਹਾ ਸੀ ਕਿ ਏਅਰ ਏਸ਼ੀਆ ਵਿੱਚ ਸੁਰੱਖਿਆ ਦੀ ਕਮੀ ਇੱਕ ਗੰਭੀਰ ਚਿੰਤਾ ਹੈ।