ਪਟਨਾ: ਲੌਕਡਾਊਨ ਕਾਰਨ ਇਸ ਵਾਰ ਵਿਸਾਖੀ ਮੌਕੇ ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਸੁੰਨ ਪੱਸਰੀ ਹੋਈ ਹੈ। ਸ਼ਾਇਦ ਪਹਿਲੀ ਵਾਰ ਇਸ ਤਿਉਹਾਰ ਦੇ ਰਵਾਇਤੀ ਜਸ਼ਨ ਵੇਖਣ ਨੂੰ ਨਹੀਂ ਮਿਲਣਗੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਕਾਰਨ ਬਹੁਤੇ ਦੇਸ਼ਾਂ ’ਚ ਲੌਕਡਾਊਨ ਚੱਲ ਰਿਹਾ ਹੈ। ਜਿਸ ਕਾਰਨ ਸੰਗਤਾਂ ਨੂੰ ਘਰ ਰਹਿ ਕੇ ਹੀ ਅਰਦਾਸ ਕਰਨ ਦੀ ਅਪੀਲ ਕੀਤੀ ਗਈ ਸੀ।
ਪਹਿਲੀ ਵਾਰ ਦੇਸ਼ ਭਰ ਦੇ ਗੁਰਦੁਆਰੇ ਵਿਸਾਖੀ ਮੌਕੇ ਸੁੰਨੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਪਟਨਾ ਸਾਹਿਬ ਦੇ ਤਖ਼ਤ ਸ੍ਰੀ ਹਰਮੰਦਿਰ ਸਾਹਿਬ ਤੋਂ ਜਿੱਥੇ ਸੁੰਨ ਪੱਸਰੀ ਨਜ਼ਰ ਆਈ। ਆਮ ਜਨਤਾ ਦੀ ਆਮਦ 'ਤੇ ਪਾਬੰਦੀ ਹੋਣ ਕਾਰਨ ਇੱਥੇ ਸਿਰਫ਼ ਕੁੱਝ ਸੇਵਾਦਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਨਤਮਸਤਕ ਹੁੰਦੇ ਨਜ਼ਰ ਆਏ।
ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੂਹ ਸੰਗਤ ਨੂੰ ਲੌਕਡਾਊਨ ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਸੀ।