ਮੁੰਬਈ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਘਰੋਂ ਕੰਮ ਕਰਨ ਦਾ ਰਿਵਾਜ਼ ਵਧ ਰਿਹਾ ਹੈ, ਜਿਸ ਨਾਲ ਕਿਰਾਏ 'ਤੇ ਦਫ਼ਤਰ ਦੇ ਫਰਨੀਚਰ ਦੀ ਮੰਗ ਵੀ ਵਧੀ ਹੈ। ਬਾਜ਼ਾਰ ਮਾਹਰਾਂ ਦਾ ਅਜਿਹਾ ਅੰਦਾਜ਼ਾ ਹੈ।
ਇਸ ਤਰ੍ਹਾਂ ਦਾ ਕੰਮ ਕਰਨ ਵਾਲੀ ਕੰਪਨੀ ਫੈਬਰੇਂਟੋ ਦੇ ਸੰਸਥਾਪਕ ਸਿਧਾਂਤ ਲਾਂਬਾ ਨੇ ਕਿਹਾ ਕਿ ਮਾਰਚ ਦੇ ਆਖ਼ਰੀ ਹਫ਼ਤੇ ਵਿੱਚ ਲੱਗੇ ਦੇਸ਼ ਪੱਧਰੀ ਲੌਕਡਾਊਨ ਤੋਂ ਬਾਅਦ ਘਰੋਂ ਕੰਮ ਆਮ ਰਿਵਾਜ ਬਣ ਗਿਆ ਹੈ, ਪਰ ਪੇਸ਼ੇਵਰਾਂ ਨੂੰ ਘਰੋਂ ਕੰਮ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜ਼ਿਆਦਾਤਰ ਕੋਲ ਆਰਾਮਦਾਇਕ ਦਫ਼ਤਰੀ ਫ਼ਰਨੀਚਰ ਘਰ ਵਿੱਚ ਮੌਜੂਦ ਨਹੀਂ ਹੈ।
ਉਨ੍ਹਾਂ ਕਿਹਾ, ''ਜੂਨ ਵਿੱਚ ਜਿਵੇਂ ਹੀ ਅਨਲਾਕ ਦੇ ਪਹਿਲੇ ਪੜਾਅ ਦਾ ਐਲਾਨ ਹੋਇਆ, ਸਾਨੂੰ ਘਰੋਂ ਕੰਮ ਲਈ ਮੇਜ ਦੀ ਕਾਫੀ ਮੰਗ ਮਿਲਣ ਲੱਗੀ। ਮੇਜ ਅਤੇ ਆਰਾਮਦਾਇਕ ਕੁਰਸੀਆਂ ਦੀ ਭਾਰੀ ਮੰਗ ਮਿਲ ਰਹੀ ਹੈ। ਕੁੱਝ ਵਿਅਕਤੀ ਘਰੇਲੂ ਉਪਕਰਨ ਵੀ ਕਿਰਾਏ 'ਤੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਨਵਾਂ ਫਰਨੀਚਰ ਖਰੀਦਣਾ ਲੋਕਾਂ ਲਈ ਸੰਭਵ ਨਹੀਂ ਹੈ, ਅਜਿਹੇ ਵਿੱਚ ਕਿਰਾਏ 'ਤੇ ਇਨ੍ਹਾਂ ਦੀ ਮੰਗ ਵਿੱਚ ਤੇਜ਼ੀ ਆਈ ਹੈ।
ਨਾਈਟ ਫ਼੍ਰੈਂਕ ਦੇ ਇੱਕ ਹਾਲੀਆ ਸਰਵੇਖਣ ਅਨੁਸਾਰ, 70 ਫ਼ੀਸਦੀ ਤੋਂ ਵੱਧ ਕੰਪਨੀਆਂ ਆਪਸੀ ਦੂਰੀ ਰੱਖੇ ਜਾਣ ਦੀ ਪਾਲਣਾ ਕਰਨ ਲਈ ਜ਼ਿਆਦਾਤਰ ਵਰਕਰਾਂ ਲਈ ਘੱਟੋ-ਘੱਟ 6 ਮਹੀਨੇ ਤੱਕ ਘਰੋਂ ਕੰਮ ਦੀ ਨੀਤੀ 'ਤੇ ਅਮਲ ਕਰਨ ਜਾ ਰਹੀਆਂ ਹਨ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘਰੋਂ ਕੰਮ ਕਾਰਨ ਕੰਪਨੀਆਂ ਦੀ ਉਤਪਾਦਕਤਾ 'ਤੇ ਕੋਈ ਅਸਰ ਨਹੀਂ ਪਿਆ ਹੈ।
ਸਿਟੀ ਫਰਨਿਸ਼ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਨੀਰਵ ਜੈਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੂੰ ਘਰੋਂ ਕੰਮ ਕਰਨ ਸਬੰਧਿਤ ਸਾਮਾਨ ਜਿਵੇਂ ਮੇਜ਼, ਕੁਰਸੀ ਆਦਿ ਦੀ ਮੰਗ ਵਿੱਚ 40 ਫ਼ੀਸਦੀ ਦੀ ਤੇਜ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਘਰੇਲੂ ਉਪਕਰਨਾਂ, ਆਰਾਮਦਾਇਕ ਬਿਸਤਰਿਆਂ ਆਦਿ ਦੀ ਮੰਗ ਵਿੱਚ ਵੀ ਤੇਜ਼ੀ ਵੇਖਣ ਨੂੰ ਮਿਲੀ ਹੈ।