ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿੱਚ ਵੀਰਵਾਰ ਸ਼ਾਮ 6 ਵਜੇ ਤੱਕ ਹਿੰਸਕ ਘਟਨਾਵਾਂ ਵਿੱਚ 38 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹਿੰਸਾ ਦੀ ਜਾਂਚ ਲਈ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਬਣਾਇਆ ਗਿਆ ਹੈ।
ਪੁਲਿਸ ਦੀ ਕਾਰਵਾਈ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲਿਸ ਦੇ ਬੁਲਾਰੇ ਐੱਮਐੱਸ ਰੰਧਾਵਾ ਨੇ ਕਿਹਾ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ਆਮ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਕੋਈ ਹਿੰਸਕ ਘਟਨਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹਿੰਸਾ ਪ੍ਰਭਾਵਤ ਇਲਾਕਿਆਂ ਵਿੱਚ ਢੁੱਕਵੇਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਰੰਧਾਵਾ ਨੇ ਕਿਹਾ ਕਿ ਇਸ ਹਿੰਸਾ ਸੰਬੰਧੀ ਹੁਣ ਤੱਕ 48 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ ਅਜੇ ਹੋਰ ਐੱਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਸ਼ਾਂਤੀ ਕਮੇਟੀ ਦੀਆਂ 350 ਮੀਟਿੰਗਾਂ ਕਰ ਚੁੱਕੇ ਹਾਂ ਅਤੇ ਹੋਰ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ।
ਇਸ ਦੇ ਨਾਲ ਹੀ ਉਨ੍ਹਾਂ ‘ਆਪ’ ਆਗੂ ਤਾਹਿਰ ਹੁਸੈਨ ਬਾਰੇ ਕਿਹਾ ਕਿ ਅਸੀਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੇ ਹਾਂ। ਸਾਡੇ ਕੋਲ ਬਹੁਤ ਸਾਰੀਆਂ ਫੋਟੋਆਂ ਹਨ, ਫਿਲਹਾਲ ਜਾਂਚ ਚੱਲ ਰਹੀ ਹੈ। ਜਿਵੇਂ ਹੀ ਜਾਂਚ ਸਾਰੇ ਮਾਮਲਿਆਂ ਵਿੱਚ ਅੱਗੇ ਵਧਦੀ ਹੈ, ਅਸੀਂ ਵੇਰਵਿਆਂ ਨੂੰ ਸਾਂਝਾ ਕਰਾਂਗੇ। ਅਸੀਂ ਸਾਰੀ ਥਾਂਵਾਂ ਤੋਂ ਜਾਂਚ ਕਰ ਰਹੇ ਹਾਂ।
ਫਿਲਹਾਲ, ਜਾਂਚ ਲਈ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਹੈ, ਅਤੇ ਸਾਰੀਆਂ ਐੱਫਆਈਆਰਜ਼ ਐੱਸਆਈਟੀ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਹਨ। ਨਾਲ ਹੀ, ਪੁਲਿਸ ਨੇ ਉੱਤਰ ਪੂਰਬੀ ਦਿੱਲੀ ਦੇ ਖਜੂਰੀ ਵਿਖੇ ਤਾਹਿਰ ਹੁਸੈਨ ਦੀ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ।