ਨਵੀਂ ਦਿੱਲੀ: ਸ਼ਾਹੀਨ ਬਾਗ਼ 'ਚ ਚੱਲ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਵਾ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਲੋਕਾਂ ਦੀ ਭੀੜ ਨੂੰ ਸ਼ਾਹੀਨ ਬਾਗ਼ ਤੋਂ ਉਠਾ ਦਿੱਤਾ ਹੈ ਤੇ ਨਾਲ ਹੀ ਟੈਂਟ ਵੀ ਪੁੱਟ ਦਿੱਤੇ ਗਏ ਹਨ। ਇਸ ਮਾਮਲੇ 'ਤੇ ਸੁਪਰੀਮ ਕੋਰਟ ਚ 23 ਮਾਰਚ ਨੂੰ ਸੁਣਵਾਈ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਸੁਣਵਾਈ ਟਲ ਗਈ।
ਦੱਸਣਯੋਗ ਹੈ ਕਿ ਸੀਸੀਏ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਵਿੱਚ ਪਿਛਲੇ ਲਗਭਗ 100 ਦਿਨਾਂ ਤੋਂ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਥੇ ਹੀ ਕਈ ਦਿਨਾਂ ਤੋਂ ਦੇਸ਼-ਦੁਨੀਆ 'ਤੇ ਕੋਰੋਨਾ ਦਾ ਸੰਕਟ ਬਣਿਆ ਹੋਇਆ ਹੈ ਜਿਸਦੇ ਲਈ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਕ ਜਗ੍ਹਾ ਇਕੱਠੇ ਨਾ ਹੋਣ ਅਤੇ ਘਰ ਤੋਂ ਬਾਹਰ ਨਾ ਜਾਣ। ਹੁਣ ਪੁਲਿਸ ਵੱਲੋਂ ਇਸ ਕੜੀ ਵਿਚ ਸ਼ਾਹੀਨ ਬਾਗ 'ਚ ਹੋ ਰਹੇ ਪ੍ਰਦਰਸ਼ਨ ਨੂੰ ਵੀ ਚੁੱਕਵਾ ਦਿੱਤਾ ਗਿਆ ਹੈ।
ਹਾਲਾਂਕਿ, ਦੱਖਣੀ-ਪੂਰਬੀ ਦੇ ਡੀਸੀਪੀ ਆਰਪੀ ਮੀਨਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਕਾਰਨ, ਸ਼ਾਹੀਨ ਬਾਗ ਦੇ ਪ੍ਰਦਰਸ਼ਨ ਨੂੰ ਬੇਨਤੀ ਕਰਕੇ ਮੁਲਤਵੀ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨ ਹਟਾਉਣ ਲਈ ਸ਼ਾਹੀਨ ਬਾਗ ਵਿਚ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਉੱਥੋਂ ਤੰਬੂ ਆਦਿ ਹਟਾਏ ਜਾ ਰਹੇ ਹਨ। ਇਸ ਦੇ ਨਾਲ ਹੀ ਇਥੇ ਡਰੋਨ ਨਾਲ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਦਿੱਲੀ ਪੁਲਿਸ ਦੇ ਜਵਾਨਾਂ ਦੇ ਨਾਲ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।