ਨਵੀਂ ਦਿੱਲੀ: ਜੇਐਨਯੂ ਵਿੱਚ ਬੀਤੀ 5 ਜਨਵਰੀ ਨੂੰ ਹੋਈ ਹਿੰਸਾ ਨਾਲ ਜੁੜੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ, ਦਿੱਲੀ ਹਾਈ ਕੋਰਟ ਨੇ ਫੇਸਬੁੱਕ, ਗੂਗਲ ਅਤੇ ਵਾਟਸਐਪ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਨਾਲ ਵਧੇਰੇ ਜਾਣਕਾਰੀ ਦੇਣ ਲਈ ਜੇਐਨਯੂ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ, ਪਰ ਜੇਐਨਯੂ ਪ੍ਰਸ਼ਾਸਨ ਵੱਲੋਂ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਸਬੂਤਾਂ ਨੂੰ ਨਸ਼ਟ ਕੀਤੇ ਜਾਣ ਦੀ ਸ਼ੱਕ
ਸਬੂਤਾਂ ਨੂੰ ਨਸ਼ਟ ਕੀਤੇ ਜਾਣ ਦੇ ਸ਼ੱਕ ਦੇ ਚੱਲਦਿਆ ਪਟੀਸ਼ਨ ਜੇਐਨਯੂ ਦੇ ਤਿੰਨ ਪ੍ਰੋਫੈਸਰਾਂ ਨੇ ਦਾਇਰ ਕੀਤੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੀਸੀਟੀਵੀ ਫੁਟੇਜ, ਘਟਨਾ ਦੌਰਾਨ ਹਿੰਸਾ ਨਾਲ ਜੁੜੀ ਜਾਣਕਾਰੀ ਅਤੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਵਾਟਸਐਪ ਗਰੁੱਪਾਂ ਦੀਆਂ ਸੂਚਨਾਵਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਜਿਸ ਦੇ ਜ਼ਰੀਏ ਹਮਲੇ ਦੀ ਯੋਜਨਾ ਬਣਾਏ ਜਾਣ ਦਾ ਸ਼ੱਕ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਸਬੂਤਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਅਜੇ ਨਹੀਂ ਹੋਈ ਕੋਈ ਗ੍ਰਿਫ਼ਤਾਰੀ
ਦੱਸ ਦਈਏ ਕਿ 5 ਜਨਵਰੀ ਨੂੰ ਜੇਐਨਯੂ ਵਿੱਚ ਹੋਈ ਹਿੰਸਾ ਵਿੱਚ ਕੁੱਝ ਨਕਾਬਪੋਸ਼ਾਂ ਦੇ ਸ਼ਾਮਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਪੁਲਿਸ ਨੇ ਅਜੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਇਰਾਕ: ਪ੍ਰਦਰਸ਼ਨ ਕਵਰ ਕਰ ਰਹੇ 2 ਪੱਤਰਕਾਰਾਂ ਦਾ ਗੋਲੀ ਮਾਰ ਕੇ ਕਤਲ