ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਭੜਕਾਉ ਬਿਆਨਬਾਜ਼ੀ ਸਾਹਮਣੇ ਆਈ ਹੈ, ਜਿਸ 'ਤੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਰਿਪੋਰਟ ਮੰਗੀ ਹੈ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਹਾਲਾਂਕਿ, ਉਨ੍ਹਾਂ ਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜ਼ਿਲ੍ਹਾ ਚੋਣ ਅਧਿਕਾਰੀ ਵੀ ਰਿਟਰਨਿੰਗ ਅਫ਼ਸਰ ਤੋਂ ਮਾਮਲੇ ਬਾਰੇ ਜਾਣਕਾਰੀ ਲਵੇਗਾ।
ਦੱਸ ਦਈਏ ਕਿ ਰਿਠਾਲਾ ਤੋਂ ਭਾਜਪਾ ਉਮੀਦਵਾਰ ਮਨੀਸ਼ ਚੌਧਰੀ ਦੇ ਸਮਰਥਨ ਵਿੱਚ ਇੱਕ ਜਨਸਭਾ ਵਿੱਚ ਅਨੁਰਾਗ ਠਾਕੁਰ ਨੇ ਰੈਲੀ 'ਚ ਆਏ ਲੋਕਾਂ ਨੂੰ ‘ਗੱਦਾਰਾਂ ਨੂੰ ਗੋਲੀ ਮਾਰਨ ਵਾਲੇ’ ਭੜਕਾਉ ਨਾਅਰੇ ਦਾ ਪ੍ਰਚਾਰ ਕਰਨ ਲਈ ਉਤਸ਼ਾਹਤ ਕੀਤਾ। ਰੈਲੀ ਵਿੱਚ ਵਿੱਤ ਰਾਜ ਮੰਤਰੀ ਨੇ ਨਾਅਰਾ ਲਾਉਂਦਿਆ ਕਿਹਾ 'ਦੇਸ਼ ਕੇ ਗੱਦਾਰੋਂ ਕੋ', ਜਿਸ 'ਤੇ ਭੀੜ ਨੇ ਕਿਹਾ,' ਗੋਲੀ ਮਾਰੋ।'
ਇਹ ਵੀ ਪੜ੍ਹੋ: ਪ੍ਰਾਜੈਕਟ 'ਕਿਸ਼ਾਲਯ' ਰਾਹੀ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਉਪਰਾਲਾ
ਜਨਤਕ ਮੀਟਿੰਗ ਵਿੱਚ ਅਨੁਰਾਗ ਠਾਕੁਰ ਨੇ ਸ਼ਾਹੀਨ ਬਾਗ ਵਿੱਚ ਨਾਗਰਿਕਤਾ ਕਾਨੂੰਨ ਅਤੇ ਦੇਸ਼ ਵਿਰੋਧੀ ਕਥਿਤ ਨਾਅਰੇਬਾਜ਼ੀ ਵਿਰੁੱਧ ਚੱਲ ਰਹੇ ਵਿਰੋਧ ਨਾਲ ਵਿਰੋਧੀ ਪਾਰਟੀਆਂ ਨੂੰ ਜੋੜਿਆ ਅਤੇ ਭੀੜ ਨੂੰ ਵਿਵਾਦਪੂਰਨ ਨਾਅਰੇਬਾਜ਼ੀ ਕਰਨ ਲਈ ਉਤਸ਼ਾਹਿਤ ਕੀਤਾ। ਅਨੁਰਾਗ ਠਾਕੁਰ ਨੇ ਭੀੜ ਨੂੰ ਇੰਨੀ ਉੱਚੀ ਆਵਾਜ਼ ਵਿੱਚ ਨਾਅਰਾ ਬੁਲੰਦ ਕਰਨ ਲਈ ਕਿਹਾ ਕਿ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਸ ਨਾਅਰੇ ਦੀ ਆਵਾਜ਼ ਸੁਣ ਸਕਣ।
ਰਿਠਾਲਾ ਤੋਂ ਭਾਜਪਾ ਉਮੀਦਵਾਰ ਮਨੀਸ਼ ਚੌਧਰੀ ਨੂੰ ਗਿਰੀਰਾਜ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਅਨੁਰਾਗ ਠਾਕੁਰ ਭੀੜ ਤੋਂ ਵਿਵਾਦਪੂਰਨ ਨਾਅਰੇਬਾਜ਼ੀ ਕਰਨ ਤੋਂ ਬਾਅਦ ਨਿਸ਼ਾਨੇ 'ਤੇ ਆ ਗਏ ਹਨ। ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨੇਤਾ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਅਜਿਹੇ ਵਿਅਕਤੀ ਨੂੰ ਕੈਬਨਿਟ ਵਿੱਚ ਨਹੀਂ, ਜੇਲ੍ਹ ਵਿੱਚ ਹੋਣਾ ਚਾਹੀਦਾ ਹੈ।