ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਬੀਤੀ ਭਲਕ ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਕੁੱਲ 62.59 ਫੀਸਦੀ ਵੋਟਾਂ ਪਈਆਂ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਵੱਲੋਂ ਕੁੱਲ ਵੋਟ ਪ੍ਰਤੀਸ਼ਤ ਦੇ ਅੰਕੜੇ ਜਾਰੀ ਨਾ ਕਰਨ ਬਾਰੇ ਸਵਾਲ ਚੁੱਕੇ ਸਨ।
ਦਿੱਲੀ ਛਾਉਣੀ 'ਚ ਸਭ ਤੋਂ ਘੱਟ ਤੇ ਬੱਲੀਮਾਰਾਨ 'ਚ ਸਭ ਤੋਂ ਵੱਧ ਹੋਈ ਵੋਟਿੰਗ
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਡਾ. ਰਣਬੀਰ ਸਿੰਘ ਨੇ ਦੱਸਿਆ ਕਿ ਦਿੱਲੀ ਵਿਧਾਨ ਸਭਾ ਦੇ ਹਲਕੇ ਬੱਲੀਮਾਰਨ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ ਦਰਜ ਕੀਤਾ ਗਿਆ ਹੈ। ਜਿਥੋਂ ਦੇ 71.06 ਲੋਕਾਂ ਨੇ ਆਪਣੇ ਲੋਕਤਾਂਤਰਿਕ ਅਧਿਕਾਰ ਦੀ ਵਰਤੋਂ ਕੀਤੀ ਹੈ। ਇਸੇ ਨਾਲ ਹੀ ਦਿੱਲੀ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਘੱਟ 45.4 ਫੀਸਦੀ ਵੋਟ ਪ੍ਰਤੀਸ਼ਤ ਦਰਜ ਕੀਤਾ ਗਿਆ ਹੈ।
'ਸਕਰੂਟਨੀ 'ਚ ਰੁਝੇ ਸੀ ਅਧਿਕਾਰੀ'
ਇਸੇ ਨਾਲ ਹੀ ਡਾ.ਸਿੰਘ ਨੇ ਵੋਟ ਫੀਸਦੀ ਦੇ ਅੰਕੜੇ ਜਾਰੀ ਕਰਨ ਵਿੱਚ ਹੋਈ ਦੇਰੀ ਬਾਰੇ ਕਿਹਾ ਕਿ ਵੋਟ ਪ੍ਰਤੀਸ਼ਤ ਦੇ ਅੰਕੜੇ ਰਿਟਰਿੰਗ ਅਫਸਰਾਂ ਵੱਲੋਂ ਦਿੱਤੇ ਜਾਂਦੇ ਹਨ। ਜੋ ਕਿ ਪੂਰੇ ਰਾਤ ਰੁਝੇ ਹੋਏ ਸੀ। ਫਿਰ ਉਹ ਸਕਰੂਟਨੀ ਵਿੱਚ ਰੁਝ ਗਏ। ਉਨ੍ਹਾਂ ਕਿਹਾ ਕਿ ਹਾਲਾਂਕਿ ਅੰਕੜੇ ਜਾਰੀ ਕਰਨ ਵਿੱਚ ਦੇਰੀ ਹੋਈ ਹੈ, ਪਰ ਸਾਡੇ ਲਈ ਸਹੀ ਤੇ ਸਟੀਕ ਅੰਕੜੇ ਦੱਸਣਾ ਸਭ ਤੋਂ ਅਹਿਮ ਹੈ।