ਦੇਹਰਾਦੂਨ(ਉਤਰਾਖੰਡ): ਪਟੇਲ ਨਗਰ ਕੋਤਵਾਲੀ ਪੁਲਿਸ ਨੇ ਪੰਜਾਬ ਦੇ ਇੱਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜਿਹੜਾ ਬੈਂਕਾਂ ਦੇ ਬਾਹਰ ਖੜੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਠੱਗਦਾ ਸੀ। ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਨਵਾਂ ਪਿੰਡ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਇਸ ਦੌਰਾਨ ਇੱਕ ਮੁਲਜ਼ਮ ਭੱਜ ਗਿਆ, ਜਿਸ ਦੀ ਪੁਲਿਸ ਨੇ ਭਾਲ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਚਾਰੇ ਕਥਿਤ ਦੋਸ਼ੀ ਨਵਾਂ ਪਿੰਡ ਦੇ ਪੰਜਾਬ ਨੈਸ਼ਨਲ ਬੈਂਕ ਦੇ ਨੇੜਲੇ ਖੇਤਰ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੰਦੇ ਸਨ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਇੱਕ ਵਿਅਕਤੀ ਕੋਲੋਂ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ। ਪੀੜਤ ਨੇ ਤਤਕਾਲ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਕਥਿਤ ਦੋਸ਼ੀਆਂ ਨੂੰ ਜਾਲ ਵਿਛਾ ਕੇ ਕਾਬੂ ਕਰ ਲਿਆ। ਹਾਲਾਂਕਿ ਇਸ ਦੌਰਾਨ ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਸ ਤਰ੍ਹਾਂ ਮਾਰਦੇ ਸਨ ਠੱਗੀ
ਪੁਲਿਸ ਅਨੁਸਾਰ ਕਥਿਤ ਦੋਸ਼ੀ ਬੈਂਕ ਦੇ ਨੇੜੇ ਖੜੇ ਹੋ ਕੇ ਲੋਕਾਂ ਨੂੰ ਲਾਲਚ ਦਿੰਦੇ ਸਨ ਕਿ ਉਨ੍ਹਾਂ ਕੋਲ ਕੁਝ ਕਾਲਾ ਧੰਨ ਹੈ, ਪਰ ਉਨ੍ਹਾਂ ਦਾ ਬੈਂਕ ਵਿੱਚ ਖ਼ਾਤਾ ਨਹੀਂ ਹੈ। ਇਸ ਲਈ ਉਹ ਕੁੱਝ ਕਮਿਸ਼ਨ ਦੇ ਆਧਾਰ 'ਤੇ ਉਸ ਰੁਪਇਆਂ ਨੂੰ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਦੇਣ ਅਤੇ ਉਸ ਬਦਲੇ ਉਨ੍ਹਾਂ ਨੂੰ ਕੁਝ ਰੁਪਏ ਦੇ ਦੇਣ। ਸ਼ਨੀਵਾਰ ਨੂੰ ਵੀ ਅਜਿਹਾ ਹੀ ਵਾਕਿਆ ਹੋਇਆ। ਇੱਕ ਵਿਅਕਤੀ ਕੋਲੋਂ 30 ਹਜ਼ਾਰ ਰੁਪਏ ਲਏ ਅਤੇ ਉਸ ਨੂੰ ਨੋਟਾਂ ਦੀ ਗੱਡੀ ਦੇ ਕੇ ਬੈਂਕ ਵਿੱਚ ਭੇਜ ਦਿੱਤਾ। ਅੰਦਰ ਜਾਣ 'ਤੇ ਉਸ ਵਿਅਕਤੀ ਨੂੰ ਪਤਾ ਲੱਗਿਆ ਕਿ ਨੋਟਾਂ ਦੀ ਗੱਡੀ ਨਕਲੀ ਸੀ।
ਡੀਆਈਜੀ ਅਰੁਣ ਮੋਹਨ ਜੋਸ਼ੀ ਅਨੁਸਾਰ ਸਾਰੇ ਕਥਿਤ ਦੋਸ਼ੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ। ਗਿਰੋਹ ਦੇ ਮੈਂਬਰ ਡਰੱਗ ਅਤੇ ਨਸ਼ੇ ਦੇ ਵੀ ਆਦੀ ਹਨ, ਜਿਹੜੇ ਬਹੁਤ ਹੀ ਚਲਾਕ ਕਿਸਮ ਦੇ ਠੱਗ ਹਨ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਠੱਗੀ ਦੀਆਂ ਵਾਰਦਾਤਾਂ ਕਰਦੇ ਸਨ। ਪੁਲਿਸ ਹੋਰ ਵੀ ਜਾਣਕਾਰੀ ਲੱਭਣ ਲਈ ਜਾਂਚ ਕਰ ਰਹੀ ਹੈ।